ਲਖੀਮਪੁਰ ਖੀਰੀ (ਉੱਤਰ ਪ੍ਰਦੇਸ਼), 8 ਅਕਤੂਬਰ
ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਪਿਛਲੇ ਐਤਵਾਰ ਕੇਂਦਰੀ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ’ਤੇ ਗੱਡੀਆਂ ਚੜ੍ਹਾਏ ਜਾਣ ਤੋਂ ਬਾਅਦ ਭੜਕੀ ਹਿੰਸਾ ਵਿਚ ਚਾਰ ਕਿਸਾਨਾਂ ਤੋਂ ਇਲਾਵਾ ਮਰਨ ਵਾਲੇ ਦੋ ਭਾਜਪਾ ਕਾਰਕੁਨਾਂ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਦੇ ਡਰਾਈਵਰ ਦੇ ਪਰਿਵਾਰਾਂ ਨੂੰ ਵੀ 45-45 ਲੱਖ ਰੁਪਏ ਮੁਆਵਜ਼ਾ ਦੇ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਹਿੰਸਾ ਵਿਚ ਮਰਨ ਵਾਲੇ ਭਾਜਪਾ ਕਾਰਕੁਨ ਸ਼ੁਭਮ ਮਿਸ਼ਰਾ ਅਤੇ ਕੇਂਦਰੀ ਰਾਜ ਮੰਤਰੀ ਦੇ ਡਰਾਈਵਰ ਹਰੀਓਮ ਮਿਸ਼ਰਾ ਦੇ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਭਾਜਪਾ ਦੇ ਲਖੀਮਪੁਰ (ਸਦਰ) ਤੋਂ ਵਿਧਾਇਕ ਯੋਗੇਸ਼ ਵਰਮਾ ਨੇ ਮੀਡੀਆ ਦੀਆਂ ਨਜ਼ਰਾਂ ਤੋਂ ਬਚਾਅ ਕੇ ਦਿੱਤੇ। ਹਿੰਸਾ ਵਿਚ ਮਰਨ ਵਾਲੇ ਦੂਜੇ ਭਾਜਪਾ ਕਾਰਕੁਨ ਸ਼ਿਆਮ ਸੁੰਦਰ ਦੇ ਪਰਿਵਾਰ ਨੂੰ ਮੁਆਵਜ਼ਾ ਰਾਸ਼ੀ ਦਾ ਚੈੱਕ ਸਥਾਨਕ ਤਹਿਸੀਲਦਾਰ ਨੇ ਦਿੱਤਾ। ਇਸ ਤੋਂ ਪਹਿਲਾਂ ਇਸ ਘਟਨਾ ਵਿਚ ਮਰਨ ਵਾਲੇ ਚਾਰ ਕਿਸਾਨਾਂ ਤੇ ਪੱਤਰਕਾਰ ਦੇ ਪਰਿਵਾਰਾਂ ਨੂੰ ਉੱਤਰ ਪ੍ਰਦੇਸ਼ ਸਰਕਾਰ ਵੱਲੋਂ 45-45 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਸੀ।