ਲਖੀਮਪੁਰ ਖੀਰੀ (ਯੂਪੀ), 9 ਅਕਤੂਬਰ
ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦਾ ਪੁੱਤ ਆਸ਼ੀਸ਼ ਮਿਸ਼ਰਾ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੀ ਮੌਤ ਦੇ ਮਾਮਲੇ ਵਿੱਚ ਪੁੱਛ ਪੜਤਾਲ ਲਈ ਅੱਜ ਸਵੇਰੇ 10.30 ਵਜੇ ਅਪਰਾਧ ਸ਼ਾਖਾ ਦੇ ਦਫਤਰ ਵਿਚ ਵਿਸ਼ੇਸ਼ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਏ। ਸੂਤਰਾਂ ਅਨੁਸਾਰ ਐੱਸਆਈਟੀ ਵੱਲੋਂ ਉਸ ਕੋਲੋਂ ਰਾਤ 8 ਵਜੇ ਤੋਂ ਬਾਅਦ ਵੀ ਪੁੱਛਗਿਛ ਜਾਰੀ ਸੀ। ਲਖੀਮਪੁਰ ਖੀਰੀ ਦੇ ਐਸਪੀ ਵਿਜੈ ਢੁਲ ਨੇ ਪੁੱਛ ਪੜਤਾਲ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ‘ਟੇਨੀ’ ਆਪਣੇ ਸਥਾਨਕ ਦਫਤਰ ਵਿੱਚ ਸਨ ਅਤੇ ਵਕੀਲਾਂ ਤੋਂ ਕਾਨੂੰਨੀ ਰਾਏ ਲੈ ਰਹੇ ਸਨ। ਆਸ਼ੀਸ਼ ਨੂੰ ਸ਼ੁੱਕਰਵਾਰ ਨੂੰ ਪੇਸ਼ ਹੋਣ ਲਈ ਕਿਹਾ ਸੀ ਪਰ ਉਹ ਨਹੀਂ ਆਇਆ ਤੇ ਉਸ ਨੂੰ ਮੁੜ ਅੱਜ ਸਵੇਰੇ 11 ਵਜੇ ਤਲਬ ਕੀਤਾ ਗਿਆ ਸੀ।