ਨਵੀਂ ਦਿੱਲੀ, 20 ਦਸੰਬਰ
ਭਾਰਤੀ ਯੂਥ ਕਾਂਗਰਸ ਨੇ ਸੋਮਵਾਰ ਨੂੰ ਇੱਥੇ ਸੰਸਦ ਨੇੜੇ ਰੋਸ ਮੁਜ਼ਾਹਰਾ ਕਰਦਿਆਂ ਲੰਘੀ 3 ਅਕਤੂੁਬਰ ਨੂੰ ਵਾਪਰੀ ਲਖੀਮਪੁਰ ਖੀਰੀ ਮਾਮਲੇ ਦੇ ਸਬੰਧ ਵਿੱਚ ਭਾਜਪਾ ਨੇਤਾ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੀ ਬਰਖਾਸਤਗੀ ਦੀ ਮੰਗ ਕੀਤੀ ਹੈ। ਭਾਜਪਾ ਉੱਤੇ ਵਰ੍ਹਦਿਆਂ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀਨਿਵਾਸ ਬੀ.ਵੀ. ਨੇ ਕਿਹਾ ਕਿ ਭਾਜਪਾ ਦੀ ‘ਕੁਚਲਣ ਅਤੇ ਖਤਮ’ ਕਰਨ ਦੀ ਨੀਤੀ ਹੋਰ ਨਹੀਂ ਚੱਲੇਗੀ।’’ ਜ਼ਿਕਰਯੋਗ ਹੈ ਅਜੈ ਮਿਸ਼ਰਾ ਦਾ ਬੇਟਾ ਅਸ਼ੀਸ਼ ਮਿਸ਼ਰਾ ਲਖੀਮਪੁਰ ਹਿੰਸਾ ਮਾਮਲੇ ’ਚ ਨਾਮਜ਼ਦ 13 ਮੁਲਜ਼ਮਾਂ ਵਿੱਚ ਸ਼ਾਮਲ ਹੈ। ਸ੍ਰੀਨਿਵਾਸ ਨੇ ਕਿਹਾ, ‘‘ਦੇਸ਼ ਭਾਜਪਾ ਦੀ ‘ਕ੍ਰੋਨੋਲੋਜੀ’ ਸਮਝ ਚੁੱਕਾ ਹੈ। ਹੁਣ ਭਾਜਪਾ ਦੀ ‘ਕੁਚਲਣ ਅਤੇ ਖਤਮ’ ਕਰਨ ਦੀ ਨੀਤੀ ਹੋਰ ਨਹੀਂ ਚੱਲੇਗੀ।’’ ਉਨ੍ਹਾਂ ਕਥਿਤ ਦੋਸ਼ ਲਾਇਆ ਕਿ ਘਟਨਾ ਤੋਂ ਇੱਕ ਮਿਸ਼ਰਾ ਨੇ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਨੂੰ ‘ਸੁਧਰਨ’ ਸਬੰਧੀ ਧਮਕੀਆਂ ਦਿੱਤੀਆਂ ਸਨ। ਉਨ੍ਹਾਂ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਦੱਸਣ ਕਿ ਮਿਸ਼ਰਾ ਨੂੰ ਬਰਖਾਸਤ ਕਿਉਂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ, ‘‘ਲਖੀਮਪੁਰ ਖੀਰੀ ਘਟਨਾ ’ਚ ਅਜੈ ਮਿਸ਼ਰਾ ਦੇ ਬੇਟੇ ਸ਼ਮੂਲੀਅਤ ਸਾਬਤ ਹੋ ਚੁੱਕੀ ਹੈ। ਇਸ ਦੇ ਬਾਵਜੂਦ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਕਰਕੇ ਇਸ ਖ਼ਿਲਾਫ਼ ਆਵਾਜ਼ ਉਠਾਉਣੀ ਜ਼ਰੂਰੀ ਹੈ।’’ ਸ੍ਰੀਨਿਵਾਸ ਨੇ ਕਿਹਾ, ‘‘ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਅਹੁਦੇ ਤੋਂ ਨਾ ਹਟਾੲੇ ਜਾਣ ਨਾਲ ਭਾਜਪਾ ਦੀ ਉੱਚ ਲੀਡਰਸ਼ਿਪ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ।’’