ਰਈਆ, ਕਾਂਗਰਸ ਪਾਰਟੀ ਵੱਲੋਂ ਰੱਖੜ ਪੁੰਨਿਆ ਮੌਕੇ ਅੱਜ ਬਾਬਾ ਬਕਾਲਾ ਸਾਹਿਬ ਵਿਖੇ ਕੀਤੀ ਕਾਨਫ਼ਰੰਸ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸਮੇਤ ਸਿਖ਼ਰਲੀ ਲੀਡਰਸ਼ਿਪ ਨਹੀਂ ਪੁੱਜੀ। ਮੁੱਖ ਮੰਤਰੀ ਨੇ ਇਸ ਰੈਲੀ ’ਚ ਆਉਣਾ ਸੀ ਪਰ ਦਿੱਲੀ ’ਚ ਮੌਸਮ ਖ਼ਰਾਬ ਹੋਣ ਕਾਰਨ ਉਨ੍ਹਾਂ ਦਾ ਹੈਲੀਕਾਪਟਰ ਉਡਾਣ ਨਹੀਂ ਭਰ ਸਕਿਆ। ਕਾਂਗਰਸ ਦੇ ਬਹੁਤੇ ਨੇਤਾਵਾਂ ਨੇ ਲੋਕਾਂ ਨੂੰ ਆਗਾਮੀ ਲੋਕ ਸਭਾ ਚੋਣਾਂ ’ਚ ਨਰਿੰਦਰ ਮੋਦੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ’ਚ ਮਸੰਦਾਂ ਨੂੰ ਬਾਹਰ ਕੱਢਣ ਦਾ ਸੱਦਾ ਦਿੱਤਾ। ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ, ‘ਮੈਂ ਅਕਾਲੀ ਦਲ ਦੇ ਭ੍ਰਿਸ਼ਟ ਨੇਤਾਵਾਂ ਨੂੰ ਵੱਟੇ-ਵੱਟ ਭਜਾਵਾਂਗਾ। ‘ਰਾਜ ਨਹੀਂ ਸੇਵਾ’ ਦਾ ਹੋਕਾ ਦੇਣ ਵਾਲੇ ਇਹ ਆਗੂ ਲੋਕਾਂ ਦੀ ਸੇਵਾ ਝੂਠੇ ਕੇਸ ਪਾ ਕੇ ਕਰਦੇ ਸਨ ਅਤੇ ਮੇਵਾ ਆਪ ਖਾਂਦੇ ਰਹੇ ਹਨ। ਜਬਰ ਵਿਰੋਧੀ ਲਹਿਰ ਦੇ ਨਾਂਅ ਹੇਠ ਰੈਲੀਆਂ ਕਰਨ ਵਾਲੇ ਅਕਾਲੀ ਨੇਤਾ ਭੁੱਲ ਗਏ ਹਨ ਕਿ ਇਨ੍ਹਾਂ ਦੇ ਰਾਜ ’ਚ ਲੋਕਾਂ ਨੂੰ ਡਾਂਗਾਂ ਤੇ ਗੋਲੀਆਂ ਨਾਲ ਭੁੰਨਿਆ ਗਿਆ ਅਤੇ ਕੁੜੀਆਂ ਨੂੰ ਬੇਆਬਰੂ ਕੀਤਾ ਗਿਆ।’ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਪੰਜਾਬ ਵਾਸੀਆਂ ਸਿਰ ਤਿੰਨ ਲੱਖ ਕਰੋੜ ਦਾ ਕਰਜ਼ਾ ਚਾੜ੍ਹ ਦਿੱਤਾ ਹੈ। ਇਨ੍ਹਾਂ ਨੇ ਲੋਕਾਂ ਕੋਲੋਂ ਟਰਾਂਸਪੋਰਟ ਅਤੇ ਕੇਬਲ ਦਾ ਕੰਮ ਖੋਹ ਲਿਆ ਅਤੇ ਰਾਜ ਦੀ ਜਨਤਕ ਟਰਾਂਸਪੋਰਟ ਨੂੰ 500 ਕਰੋੜ ਦਾ ਕਰਜ਼ਾਈ ਕਰ ਦਿੱਤਾ। ਉਨ੍ਹਾਂ ਨੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਸਖ਼ਤ ਨੁਕਤਾਚੀਨੀ ਕੀਤੀ। ਸ੍ਰੀ ਸਿੱਧੂ ਨੇ ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ ਦੀ ਮੰਗ ‘ਤੇ ਬਾਬਾ ਬਕਾਲਾ ਸਾਹਿਬ ਨੂੰ ਨਗਰ ਪੰਚਾਇਤ ਬਣਾਉਣ ਅਤੇ ਇਥੇ ਪੋਲੀਟੈਕਨਿਕ ਕਾਲਜ ਖੋਲ੍ਹਣ ਦਾ ਮੁੱਖ ਮੰਤਰੀ ਵੱਲੋਂ ਐਲਾਨ ਕੀਤਾ। ਉਨ੍ਹਾਂ ਨੇ ਬਾਬਾ ਬਕਾਲਾ ਸਾਹਿਬ ਦੇ ਵਿਕਾਸ ਲਈ ਇੱਕ ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ। ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਤੁਸੀਂ ਕਾਂਗਰਸ ‘ਤੇ ਭਰੋਸਾ ਕੀਤਾ ਹੈ ਅਤੇ ਤੁਹਾਨੂੰ ਨਿਰਾਸ਼ਾ ਨਹੀਂ ਹੋਵੇਗੀ। ਹਰ ਵਾਅਦਾ ਪੂਰਾ ਕੀਤਾ ਜਾਵੇਗਾ। ਇਸ ਮੌਕੇ ਵਿਧਾਇਕ ਹਰਮਿੰਦਰ ਸਿੰਘ ਗਿੱਲ, ਜਸਬੀਰ ਸਿੰਘ ਡਿੰਪਾ, ਫ਼ਤਿਹ ਜੰਗ ਸਿੰਘ ਬਾਜਵਾ, ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਸੁਖਵਿੰਦਰ ਸਿੰਘ ਡੈਨੀ, ਹਰਪ੍ਰਤਾਪ ਸਿੰਘ ਅਜਨਾਲਾ, ਓਮ ਪ੍ਰਕਾਸ਼ ਸੋਨੀ, ਡਾ. ਰਾਜ ਕੁਮਾਰ ਵੇਰਕਾ, ਬਲਵਿੰਦਰ ਸਿੰਘ ਲਾਡੀ, ਫ਼ਤਿਹ ਜੰਗ ਸਿੰਘ ਬਾਜਵਾ (ਸਾਰੇ ਵਿਧਾਇਕ) ਅਤੇ ਸੁਖਜਿੰਦਰ ਸਿੰਘ ਲਾਲੀ ਮਜੀਠੀਆ ਨੇ ਵੀ ਸੰਬੋਧਨ ਕੀਤਾ। ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।