ਫ਼ਿਰੋਜ਼ਪੁਰ, 13 ਅਗਸਤ
ਹੁਸੈਨੀਵਾਲਾ ਵਿਖੇ ਸਤਲੁਜ ਦਰਿਆ ’ਤੇ ਬਣੇ 280 ਫੁੱਟ ਲੰਬੇ ਅਹਿਮ ਪੁਲ ਦਾ ਉਦਘਾਟਨ ਐਤਵਾਰ ਨੂੰ ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨੇ ਕੀਤਾ। ਇਸ ਪੁਲ ਨੂੰ 1971 ਦੀ ਭਾਰਤ-ਪਾਕਿ ਜੰਗ ਵੇਲੇ ਉਡਾ ਦਿੱਤਾ ਗਿਆ ਸੀ। ਸਤਲੁਜ ਦਰਿਆ ਅਤੇ ਪੁਰਾਣੇ ਫ਼ਿਰੋਜ਼ਪੁਰ-ਲਾਹੌਰ ਰਾਜਮਾਰਗ ’ਤੇ ਬਣਿਆ ਇਹ ਪੁਲ ਹੁਸੈਨੀਵਾਲਾ ਹੈੱਡ ਨੂੰ ਫ਼ਿਰੋਜ਼ਪੁਰ ਨਾਲ ਜੋੜਦਾ ਹੈ। 1971 ਦੀ ਭਾਰਤ-ਪਾਕਿ ਜੰਗ ਮਗਰੋਂ ਇਸ ਜਗ੍ਹਾ ’ਤੇ ਆਵਾਜਾਈ ਲਈ ਸੈਨਾ ਨੇ ਅਸਥਾਈ ਪੁਲ ਦਾ ਨਿਰਮਾਣ ਕੀਤਾ ਸੀ। ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਵੱਲੋਂ ਚੇਤਕ ਪ੍ਰਾਜੈਕਟ ਤਹਿਤ 2 ਕਰੋੜ 48 ਲੱਖ ਰੁਪਏ ਦੀ ਲਾਗਤ ਨਾਲ ਪੁਲ ਦਾ ਦੁਬਾਰਾ ਨਿਰਮਾਣ ਕੀਤਾ ਹੈ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ (ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ) ਰਾਣਾ ਗੁਰਮੀਤ ਸਿੰਘ ਸੋਢੀ, ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਸਮੇਤ ਜ਼ਿਲ੍ਹੇ ਦੇ ਸਾਰੇ ਉੱਚ ਅਧਿਕਾਰੀ ਵੀ ਹਾਜ਼ਰ ਸਨ। ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਹੁਸੈਨੀਵਾਲਾ ਰੋਡ ’ਤੇ ਪੱਕੇ ਪੁਲ ਦੇ ਨਿਰਮਾਣ ਨਾਲ ਨਾ ਸਿਰਫ਼ ਸੁਰੱਖਿਆ ਬਲਾਂ ਨੂੰ ਸਗੋਂ ਇੱਥੇ ਰਹਿਣ ਵਾਲੇ ਲੋਕਾਂ ਨੂੰ ਵੀ ਰੋਜ਼ਾਨਾ ਆਵਾਜਾਈ ਵਿੱਚ ਆਸਾਨੀ ਹੋਵੇਗੀ। ਉਨ੍ਹਾਂ ਕਿਹਾ, ‘‘ਹੁਸੈਨੀਵਾਲਾ ਸਾਡੇ ਮਹਾਨ ਸ਼ਹੀਦਾਂ ਭਗਤ ਸਿੰਘ, ਸੁਖਦੇਵ, ਰਾਜਗੁਰੂ ਤੇ ਬਹੁਤ ਸਾਰੇ ਜੰਗੀ ਨਾਇਕਾਂ ਕਾਰਨ ਇਕ ਪਵਿੱਤਰ ਸਥਾਨ ਹੈ ਅਤੇ ਇਸ ਇਤਿਹਾਸਕ ਪੁਲ ਦਾ ਉਦਘਾਟਨ ਕਰਕੇ ਸਨਮਾਨ ਅਤੇ ਗੌਰਵ ਮਹਿਸੂਸ ਕਰ ਰਹੀ ਹਾਂ।’’ ਉਨ੍ਹਾਂ ਕਿਹਾ ਕਿ ਨਵੇਂ ਪੁਲ ਦੇ ਨਿਰਮਾਣ ਨਾਲ ਹੁਸੈਨੀਵਾਲਾ ਦੇ ਬਹੁਤ ਸਾਰੇ ਖੇਤਰਾਂ ਨਾਲ ਵਿਕਾਸ ਦੇ ਰਾਹ ਖੁੱਲ੍ਹਣਗੇ। ‘ਇਲਾਕੇ ਦੇ ਵਿਕਾਸ, ਵਪਾਰ, ਖੇਤੀ, ਸੈਨਾ ਦੇ ਵਾਹਨਾਂ, ਗੋਲਾ-ਬਾਰੂਦ ਅਤੇ ਹੋਰ ਸਮੱਗਰੀ ਨੂੰ ਲਿਆਉਣ ਅਤੇ ਲਿਜਾਣ ਵਿੱਚ ਵੀ ਮਦਦ ਮਿਲੇਗੀ। ਰੱਖਿਆ ਮੰਤਰੀ ਨੇ ਪੁਲ ਦੇ ਨਿਰਮਾਣ ਨੂੰ ਸਮੇਂ ਤੋ ਪਹਿਲਾਂ ਅਤੇ ਸਥਾਨਕ ਨਿਵਾਸੀਆਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਪੂਰਾ ਕਰਨ ਲਈ ਸੀਮਾ ਸੜਕ ਸੰਗਠਨ ਦੇ ਉਪਰਾਲੇ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ,‘‘ਬੀਆਰਓ ਦੂਰ ਸਰਹੱਦਾਂ ’ਤੇ ਸੜਕਾਂ, ਪੁਲਾਂ, ਸੁਰੰਗਾਂ ਅਤੇ ਰੱਖਿਆ ਦੇ ਬਾਕੀ ਕੰਮਾਂ ਦੇ ਨਿਰਮਾਣ ਅਤੇ ਰੱਖ-ਰਖਾਅ ਵਿੱਚ ਰੁੱਝਿਆ ਰਹਿੰਦਾ ਹੈ। ਇਸ ਪੁਲ ਦਾ ਨਿਰਮਾਣ ਉਨ੍ਹਾਂ ਦੇ ਰਾਸ਼ਟਰ ਨਿਰਮਾਣ ਵਿੱਚ ਮਹੱਤਵਪੂਰਨ ਯੋਗਦਾਨ ਨੂੰ ਦਰਸਾਉਂਦਾ ਹੈ।’’ ਸੀਮਾ ਸੜਕ ਸੰਗਠਨ ਨੇ ਲਗਭਗ 52000 ਕਿਲੋਮੀਟਰ ਸੜਕਾਂ, 650 ਪੱਕੇ ਪੁਲ ਅਤੇ 19 ਹਵਾਈ ਪੱਟੀਆਂ ਦਾ ਮੁਸ਼ਕਲ ਇਲਾਕਿਆਂ ਵਿੱਚ ਨਿਰਮਾਣ ਕੀਤਾ ਹੈ। ਇਸ ਸਮੇਂ ਬੀਆਰਓ ਪੂਰਬੀ ਅਤੇ ਪੱਛਮੀ ਖੇਤਰ ਵਿੱਚ 530 ਸੜਕਾਂ (22803 ਕਿਲੋਮੀਟਰ) ਬਣਾਉਣ ਦੇ ਨਾਲ-ਨਾਲ ਇਕ ਮਾਰਗ ਨੂੰ ਦੋ ਮਾਰਗੀ ਕਰਨ ਦਾ ਕੰਮ ਕਰ ਰਿਹਾ ਹੈ। ਇਹ ਸੰਗਠਨ 322 ਸੜਕਾਂ (16803 ਕਿਲੋਮੀਟਰ) ਅਤੇ ਸੱਤ ਹਵਾਈ ਪੱਟੀਆਂ ਤੋਂ ਇਲਾਵਾ 138 ਸੜਕਾਂ (4325 ਕਿਲੋਮੀਟਰ) ਤੋਂ ਬਰਫ਼ ਨੂੰ ਹਟਾਉਣ ਦਾ ਕੰਮ ਵੀ ਕਰਦਾ ਹੈ ਤਾਂ ਜੋ ਇਨ੍ਹਾਂ ਖੇਤਰਾਂ ਦਾ ਦੇਸ਼ ਦੇ ਹੋਰਨਾਂ ਹਿੱਸਿਆਂ ਨਾਲ ਸੰਪਰਕ ਬਣਿਆ ਰਹੇ। 8.80 ਕਿਲੋਮੀਟਰ ਲੰਬੀ ਮਸ਼ਹੂਰ ਰੋਹਤਾਂਗ ਸੁਰੰਗ ਦਾ ਨਿਰਮਾਣ ਵੀ ਸੀਮਾ ਸੜਕ ਸੰਗਠਨ ਦੁਆਰਾ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ, ਲੈਫ਼ਟੀਨੈਂਟ ਜਨਰਲ ਸੁਰਿੰਦਰ ਸਿੰਘ, ਆਰਮੀ ਕਮਾਂਡਰ ਪੱਛਮੀ ਕਮਾਂਡ ਅਤੇ ਲੈਫ਼ਟੀਨੈਂਟ ਜਨਰਲ ਹਰਪਾਲ ਸਿੰਘ ਅਤੇ ਸੀਮਾ ਸੜਕ ਸੰਗਠਨ ਦੇ ਡਾਇਰੈਕਟਰ ਜਨਰਲ ਨਾਲ ਸਵੇਰੇ ਫ਼ਿਰੋਜ਼ਪੁਰ ਪਹੁੰਚੇ। ਹੈਲੀਪੈਡ ’ਤੇ ਉਨ੍ਹਾਂ ਦਾ ਸਵਾਗਤ ਵਜਰਾ ਕੋਰ ਦੇ ਜੀਓਸੀ ਲੈਫ਼ਟੀਨੈਂਟ ਜਨਰਲ ਦੁਸ਼ਯੰਤ ਸਿੰਘ ਨੇ ਕੀਤਾ। ਹੁਸੈਨੀਵਾਲਾ ਪੁਲ ’ਤੇ ਉਨ੍ਹਾਂ ਦਾ ਸਵਾਗਤ ਬ੍ਰਿਗੇਡੀਅਰ ਰਿਪੂ ਸੂਦਨ, ਮੁੱਖ ਇੰਜੀਨੀਅਰ (ਪ) ਚੇਤਕ ਨੇ ਕੀਤਾ ਅਤੇ ਪੁਲ ਦੇ ਨਿਰਮਾਣ ਤੇ ਤਕਨੀਕ ਬਾਰੇ ਜਾਣਕਾਰੀ ਦਿੱਤੀ।
ਬਾਅਦ ਵਿੱਚ ਰੱਖਿਆ ਮੰਤਰੀ ਨੇ ਹੁਸੈਨੀਵਾਲਾ ਸ਼ਹੀਦੀ ਸਮਾਰਕ ’ਤੇ ਸ਼ਹੀਦਾਂ ਨੂੰ ਫੁੱਲਾਂ ਨਾਲ ਸ਼ਰਧਾਂਜਲੀ ਭੇਟ ਕੀਤੀ। ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਸੋਢੀ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਵਜੋਂ ਕਿਰਪਾਨ ਅਤੇ ਸ਼ਾਲ ਭੇਟ ਕਰਕੇ ਸਵਾਗਤ ਕੀਤਾ ਗਿਆ।