ਚੰਡੀਗੜ੍ਹ, 10 ਜਨਵਰੀ
ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ ਹੈ ਕਿ ਸੈਰ ਸਪਾਟਾ ਵਿਭਾਗ ਦੇ ਸਾਬਕਾ ਡਾਇਰੈਕਟਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਮੁਹਾਲੀ ਦੇ ਸਾਬਕਾ ਕਮਿਸ਼ਨਰ ਰਾਜੇਸ਼ ਧੀਮਾਨ ਖ਼ਿਲਾਫ਼ ਦੋ ਵੱਖ-ਵੱਖ ਮਾਮਲਿਆਂ ਵਿੱਚ ਵਿਭਾਗੀ ਕਰਵਾਈ ਕਰਨ ਸਬੰਧੀ ਕੀਤੀ ਸ਼ਿਕਾਇਤ ਮੁੱਖ ਸਕੱਤਰ ਨੂੰ ਢੁਕਵੇਂ ਸਮੇਂ ਦੌਰਾਨ ਭੇਜੀ ਗਈ ਸੀ, ਪਰ ਸਰਕਾਰ ਪੱਧਰ ’ਤੇ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਪੀਸੀਐੱਸ ਅਫ਼ਸਰ ਨਵਜੋਤ ਪਾਲ ਸਿੰਘ ਰੰਧਾਵਾ ਵਿਰੁੱਧ ਸੀਬੀਆਈ ਵੱਲੋਂ ਜਾਂਚ ਦੀ ਮੰਗ ਕੀਤੀ ਗਈ ਸੀ। ਇਸ ਪੱਤਰ ਦੀ ਕਾਪੀ ਪੰਜਾਬ ਦੇ ਡਾਇਰੈਕਟਰ, ਵਿਜੀਲੈਂਸ ਵਿਭਾਗ, ਸੀਬੀਆਈ ਦੇ ਡਾਇਰੈਕਟਰ ਅਤੇ ਡਾਇਰੈਕਟਰ ਆਫ਼ ਰੈਵੇਨਿਊ ਇੰਟੈਲੀਜੈਂਸ, ਮੁੰਬਈ ਜ਼ੋਨਲ ਯੂਨਿਟ ਨੂੰ ਵੀ ਭੇਜੀ ਗਈ ਸੀ। ਉਨ੍ਹਾਂ ਦੱਸਿਆ ਕਿ 1 ਸਤੰਬਰ 2017 ਨੂੰ ਮੰਤਰੀ ਦੇ ਦਫ਼ਤਰ ਦੇ ਡਾਇਰੀ ਡਿਸਪੈਚ ਨੰਬਰ 324-26 (ਐਨ) ਰਾਹੀਂ ਲਿਖੇ ਪੱਤਰ ਵਿੱਚ ਲਿਖਿਆ ਗਿਆ ਸੀ ਕਿ ਡਾਇਰੈਕਟਰ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਵੱਲੋਂ ਪ੍ਰਾਪਤ ਪੱਤਰ ਜੋ ਪੰਜਾਬ ਦੇ ਮੁੱਖ ਸਕੱਤਰ ਨੂੰ ਸੰਬੋਧਨ ਸੀ, ਵਿੱਚ ਦੱਸਿਆ ਗਿਆ ਕਿ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਡਾਇਰੈਕਟਰ ਦੇ ਅਹੁਦੇ ’ਤੇ ਹੁੰਦੇ ਹੋਏ ਅਹਿਮ ਪੁਰਾਤਨ ਵਸਤਾਂ ਨੂੰ ਵਿਜੇ ਨੰਦਾ ਨਾਲ ਮਿਲ ਕੇ ਕੌਮਾਂਤਰੀ ਮਾਰਕੀਟ ਵਿੱਚ ਵੇਚਿਆ ਗਿਆ। ਇਹ ਅਧਿਕਾਰੀ ਲੰਬਾ ਸਮਾਂ ਵਿਭਾਗ ਵਿੱਚ ਰਿਹਾ ਅਤੇ ਇਸ ਲਈ ਇਹ ਜਾਂਚ ਕਰਵਾਉਣੀ ਬਣਦੀ ਹੈ ਕਿ ਇਸ ਅਧਿਕਾਰੀ ਵੱਲੋਂ ਪੰਜਾਬ ਤੋਂ ਕਿੰਨੀਆਂ ਪੁਰਾਤਨ ਵਸਤਾਂ ਬਾਹਰ ਭੇਜੀਆਂ ਗਈਆਂ। ਇਹ ਗੰਭੀਰ ਮਾਮਲਾ ਹੈ ਅਤੇ ਅੰਤਰਰਾਸ਼ਟਰੀ ਪੁਰਾਤਨ ਵਸਤਾਂ ਦੀ ਵਿਕਰੀ ਸੀਬੀਆਈ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ, ਇਸ ਲਈ ਇਸ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ।