ਮੁੰਬਈ, 7 ਜੂਨ
ਅਦਾਕਾਰਾ ਦੀਪਸ਼ਿਖਾ ਨਾਗਪਾਲ ਹਾਲ ਹੀ ਵਿੱਚ ਟੀਵੀ ਸ਼ੋਅ ‘ਰੰਜੂ ਕੀ ਬੇਟੀਆਂ’ ਲਈ ਸਿਲਵਾਸਾ ਵਿੱਚ ਸ਼ੂਟਿੰਗ ਕਰ ਰਹੀ ਹੈ। ਅੱਜ ਇੱਥੇ ਉਸ ਨੇ ਸ਼ੂਟਿੰਗ ਦੌਰਾਨ ਸੈੱਟ ਉੱਤੇ ਗਰਮੀ ਦਾ ਸਾਹਮਣਾ ਕਰਨ ਦੇ ਆਪਣੇ ਕੁਝ ਤਜਰਬੇ ਸਾਂਝੇ ਕੀਤੇ। ਅਦਾਕਾਰਾ ਨੇ ਦੱਸਿਆ, ‘‘ਗਰਮੀ ਸਾਨੂੰ ਨਿਚੋੜ ਰਹੀ ਹੈ। ਮੈਂ ਸੱਚਮੁੱਚ ਆਪਣੇ-ਆਪ ਨੂੰ ਦੌਰਾ ਪੈਣ ਤੋਂ ਬਚਾਉਣ ਲਈ ਹਰ ਸੀਨ ਤੋਂ ਬਾਅਦ ਕਮਰੇ ਵੱਲ ਦੌੜਦੀ ਹਾਂ। ਸ਼ੋਅ ਦੇ ਇੱਕ ਸੀਨ ਦੌਰਾਨ ਮੇਰੇ ਅਤੇ ਅਯੂਬ ਦੇ ਕਿਰਦਾਰ ਗੁੱਡੂ ਜੀ ਵਿੱਚ ਝਗੜਾ ਹੁੰਦਾ ਹੈ। ਅਸੀਂ ਇਸ ਸੀਨ ਨੂੰ 40 ਡਿਗਰੀ ਤਾਪਮਾਨ ਵਿੱਚ ਸ਼ੂਟ ਕਰ ਰਹੇ ਸੀ। ਮੇਰੇ ਲਈ ਇਹ ਸੀਨ ਬੇਹੱਦ ਮੁਸ਼ਕਲ ਸੀ ਕਿਉਂਕਿ ਮੈਨੂੰ ਰੋਣ ਅਤੇ ਚੀਕਣ ਦੀ ਲੋੜ ਸੀ। ਮੈਨੂੰ ਯਾਦ ਹੈ ਜਦੋਂ ਸ਼ਾਮ ਤੱਕ ਸ਼ੂਟਿੰਗ ਖ਼ਤਮ ਹੋਈ ਤਾਂ ਮੈਂ ਲਗਭਗ ਬੇਹੋਸ਼ ਹੋ ਗਈ ਕਿਉਂਕਿ ਮੈਂ ਸੀਨ ਲਈ ਭਾਰੀ ਗਹਿਣੇ ਪਾਏ ਹੋੲੇ ਸੀ।’’ ਉਸ ਨੇ ਅੱਗੇ ਕਿਹਾ ਕਿ ਅਦਾਕਾਰਾਂ ਦੀ ਜ਼ਿੰਦਗੀ ਜਿਵੇਂ ਦਿਖਾਈ ਜਾਂਦੀ ਹੈ ਅਸਲ ਵਿੱਚ ਉਹੋ ਜਿਹੀ ਨਹੀਂ ਹੰਦੀ ਪਰ ਇਹ ਉਸ ਦੇ ਕੰਮ ਦਾ ਹਿੱਸਾ ਹੈ ਤਾਂ ਉਹ ਰਸਤੇ ਵਿੱਚ ਆਉਣ ਵਾਲੀ ਹਰ ਚੁਣੌਤੀ ਨੂੰ ਸਵੀਕਾਰਦੀ ਹੈ। ਉਸ ਨੇ ਕਿਹਾ ਕਿ ਮਹਾਮਾਰੀ ਕਾਰਨ ਉਹ ਸਟੂਡੀਓ ਵਿੱਚ ਸ਼ੂਟਿੰਗ ਨਹੀਂ ਕਰ ਸਕਦੇ ਪਰ ਸ਼ੋਅ ਜਾਰੀ ਰੱਖਣ ਲਈ ਉਹ ਗਰਮੀ ਦਾ ਸਾਹਮਣਾ ਕਰਨ ਲਈ ਤਿਆਰ ਹੈ। ਕਰੋਨਾ ਮਹਾਮਾਰੀ ਕਾਰਨ ਮਹਾਰਾਸ਼ਟਰ ਵਿੱਚ ਸਖ਼ਤ ਹਦਾਇਤਾਂ ਕਾਰਨ ਕਈ ਟੀਵੀ ਸ਼ੋਅ ਨੇ ਸ਼ੂਟਿੰਗ ਮੁਲਤਵੀ ਕਰ ਦਿੱਤੀ ਹੈ, ਜਦਕਿ ਕੁਝ ਜਿਵੇਂ ‘ਰੰਜੂ ਕੀ ਬੇਟੀਆਂ’ ਮਹਾਰਾਸ਼ਟਰ ਤੋਂ ਬਾਹਰ ਸ਼ੂਟ ਕੀਤੇ ਜਾ ਰਹੇ ਹਨ। ਇਸ ਟੀਵੀ ਸ਼ੋਅ ਵਿੱਚ ਦੀਪਸ਼ਿਖਾ ਲਲਿਤਾ ਦਾ ਕਿਰਦਾਰ ਨਿਭਾ ਰਹੀ ਹੈ।