ਬੈਂਕਾਕ, 5 ਅਗਸਤ
ਸਾਤਵਿਕਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈਟੀ ਦੀ ਜੋੜੀ ਬੀਡਬਲਯੂਐੱਫ ਸੁਪਰ 500 ਬੈਡਮਿੰਟਨ ਟੂਰਨਾਮੈਂਟ ਜਿੱਤਣ ਵਾਲੀ ਪਹਿਲੀ ਭਾਰਤੀ ਜੋੜੀ ਬਣ ਗਈ। ਉਸ ਨੇ ਇੱਥੇ ਐਤਵਾਰ ਨੂੰ ਥਾਈਲੈਂਡ ਓਪਨ ਦੇ ਚੁਣੌਤੀਪੂਰਨ ਫਾਈਨਲ ਵਿੱਚ ਚੀਨ ਦੇ ਲੀ ਜੁਨ ਹੁਈ ਅਤੇ ਲਿਊ ਯੁਨ ਚੇਨ ਦੀ ਜੋੜੀ ਨੂੰ ਹਰਾ ਦਿੱਤਾ।
ਗ਼ੈਰ-ਦਰਜਾ ਪ੍ਰਾਪਤ ਭਾਰਤੀ ਜੋੜੀ ਨੇ ਇੱਕ ਘੰਟੇ ਦੋ ਮਿੰਟ ਤੱਕ ਚੱਲੇ ਮੁਕਾਬਲੇ ਵਿੱਚ ਚੀਨ ਦੀ ਤੀਜਾ ਦਰਜਾ ਪ੍ਰਾਪਤ ਜੋੜੀ ’ਤੇ 21-19, 18-21, 21-18 ਨਾਲ ਜਿੱਤ ਦਰਜ ਕੀਤੀ।
ਬੀਤੇ ਸਾਲ ਰਾਸ਼ਟਰਮੰਡਲ ਖੇਡਾਂ ਵਿੱਚ ਪੁਰਸ਼ ਡਬਲਜ਼ ਦਾ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਰੰਕੀਰੈਡੀ ਅਤੇ ਸ਼ੈਟੀ ਦੇ ਲਈ ਇਹ 2019 ਸੈਸ਼ਨ ਦਾ ਪਹਿਲਾ ਫਾਈਨਲ ਸੀ। ਰੰਕੀਰੈਡੀ ਅਤੇ ਸ਼ੈਟੀ ਨੇ ਚੰਗੀ ਸ਼ੁਰੂਆਤ ਕੀਤੀ, ਉਸ ਨੇ 3-3 ਦੀ ਬਰਾਬਰੀ ਮਗਰੋਂ 10-6 ਨਾਲ ਲੀਡ ਬਣਾ ਲਈ। ਚੀਨ ਦੇ ਖਿਡਾਰੀਆਂ ਨੇ ਵਾਪਸੀ ਕਰਦਿਆਂ 14-14 ਨਾਲ ਬਰਾਬਰੀ ਹਾਸਲ ਕੀਤੀ। ਇਸ ਮਗਰੋਂ ਦੋਵੇਂ ਜੋੜੀਆਂ ਕੋਸ਼ਿਸ਼ ਕਰਦੀਆਂ ਰਹੀਆਂ। ਦੁਨੀਆਂ ਦੀ 16ਵੇਂ ਨੰਬਰ ਦੀ ਭਾਰਤੀ ਜੋੜੀ 20-18 ਦੇ ਸਕੋਰ ’ਤੇ ਹੀ ਲੀਡ ਬਣਾ ਸਕੀ, ਪਰ ਚੀਨੀ ਖਿਡਾਰੀਆਂ ਨੇ ਅੰਕ ਲੈ ਕੇ ਇਸ ਨੂੰ 19-20 ਕਰ ਦਿੱਤਾ। ਰੰਕੀਰੈਡੀ ਅਤੇ ਸ਼ੈਟੀ ਨੇ ਅਹਿਮ ਪੁਆਇੰਟ ਲੈ ਕੇ ਪਹਿਲੀ ਗੇਮ ਹਾਸਲ ਕੀਤੀ। ਦੂਜੀ ਗੇਮ ਵਿੱਚ ਭਾਰਤੀ ਜੋੜੀ 6-2 ਨਾਲ ਅੱਗੇ ਹੋ ਗਈ। ਛੇਤੀ ਹੀ ਚੀਨੀ ਜੋੜੀ ਨੇ ਇਸ ਫ਼ਰਕ ਨੂੰ 5-6 ਕਰ ਦਿੱਤਾ। ਫਿਰ ਦੋਵੇਂ ਜੋੜੀਆਂ 11-11 ਦੀ ਬਰਾਬਰੀ ’ਤੇ ਆ ਗਈਆਂ। ਚੀਨੀ ਜੋੜੀ ਨੇ ਫਿਰ ਤੇਜ਼ੀ ਨਾਲ 13-11 ਦੀ ਲੀਡ ਬਣਾਈ, ਭਾਰਤੀ ਜੋੜੀ ਨੇ ਵੀ ਹਾਰ ਨਹੀਂ ਮੰਨੀ, ਉਹ 13-13 ਦਾ ਸਕੋਰ ਬਣਾਉਣ ਮਗਰੋਂ 16-14 ਨਾਲ ਅੱਗੇ ਹੋ ਗਈ। ਦੋਵਾਂ ਜੋੜੀਆਂ ਨੇ ਫਿਰ ਦੋ-ਦੋ ਅੰਕ ਲਏ। ਚੀਨੀ ਖਿਡਾਰੀਆਂ ਨੇ ਭਾਰਤੀਆਂ ਨੂੰ ਹੈਰਾਨ ਕਰਦਿਆਂ ਲਗਾਤਾਰ ਪੰਜ ਅੰਕ ਆਪਣੀ ਝੋਲੀ ਪਾ ਕੇ ਗੇਮ ਆਪਣੇ ਨਾਮ ਕੀਤੀ।
ਹੁਣ ਫ਼ੈਸਲਾ ਫ਼ੈਸਲਾਕੁਨ ਗੇਮ ਨਾਲ ਹੋਣਾ ਸੀ। ਤੀਜੀ ਗੇਮ ਵਿੱਚ ਰੰਕੀਰੈਡੀ ਅਤੇ ਸ਼ੈਟੀ ਥੋੜ੍ਹੇ ਹੌਲੀ ਖੇਡੇ, ਪਰ ਫਿਰ ਵੀ ਦੋਵੇਂ ਜੋੜੀਆਂ 6-6 ਨਾਲ ਬਰਾਬਰ ਸਨ। ਇਸ ਮਗਰੋਂ ਭਾਰਤੀ ਜੋੜੀ ਨੇ ਧੀਰਜ ਵਰਤਿਆ ਅਤੇ ਅਖ਼ੀਰ ਤੱਕ ਆਪਣੇ ਵਿਰੋਧੀਆਂ ’ਤੇ ਲੀਡ ਕਾਇਮ ਰੱਖੀ। ਚੀਨ ਦੀ ਜੋੜੀ ਨੇ ਵਾਪਸੀ ਕਰਨ ਦੀ ਕੋਸ਼ਿਸ਼ ਵਿੱਚ ਫ਼ਰਕ 18-19 ਕਰ ਲਿਆ, ਪਰ ਭਾਰਤੀ ਜੋੜੀ ਇਸ ਮੌਕੇ ਨੂੰ ਗੁਆਉਣਾ ਨਹੀਂ ਚਾਹੁੰਦੀ ਸੀ। ਉਸ ਨੇ ਲਗਾਤਾਰ ਦੋ ਪੁਆਇੰਟ ਲੈ ਕੇ ਮੈਚ ਅਤੇ ਖ਼ਿਤਾਬ ਆਪਣੀ ਝੋਲੀ ਪਾ ਲਿਆ।