ਮਨੀਲਾ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰੋਹਿੰਗਿਆ ਸੰਕਟ ਦੇ ਉੱਚਿਤ ਅਤੇ ਸ਼ਾਂਤੀਪੂਰਨ ਹੱਲ ਦੀ ਅਪੀਲ ਕੀਤੀ ਹੈ। ਟਰੂਡੋ ਨੇ ਆਪਣੇ ਵਿਸ਼ੇਸ਼ ਦੂਤ ਨੂੰ ਰੋਹਿੰਗਿਆ ਸੰਕਟ ਨੂੰ ਸੁਲਝਾਉਣ ‘ਚ ਕੈਨੇਡਾ ਕਿਸ ਤਰ੍ਹਾਂ ਮਦਦ ਕਰ ਸਕਦਾ ਹੈ, ਇਸ ਲਈ ਡਿਪਲੋਮੈਟ ਪੱਧਰ ‘ਤੇ ਕੋਸ਼ਿਸ਼ ਕਰਨ ਨੂੰ ਕਿਹਾ ਹੈ। ਟਰੂਡੋ ਨੇ ਇਸ ਦੇ ਨਾਲ ਹੀ ਇਹ ਜਾਣਕਾਰੀ ਮਿਆਂਮਾਰ ਦੀ ਨੇਤਾ ਆਂਗ ਸਾਂਗ ਸੂ ਕੀ ਸਮੇਤ ਦੱਖਣੀ-ਪੂਰਬੀ ਏਸ਼ੀਆ ਦੇ ਰਾਸ਼ਟਰ ਮੁਖੀਆਂ ਨੂੰ ਦਿੱਤੀ। ਟਰੂਡੋ ਨੇ ਕਿਹਾ ਕਿ ਵੱਡੀ ਗਿਣਤੀ ‘ਚ ਰੋਹਿੰਗਿਆ ਲੋਕ ਬੰਗਲਾਦੇਸ਼ ‘ਚ ਕੈਂਪਾਂ ‘ਚ ਰਹਿ ਰਹੇ ਹਨ, ਜਿੱਥੇ ਉਨ੍ਹਾਂ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ। ਟਰੂਡੋ ਮਨੀਲਾ ‘ਚ ਆਸਿਆਨ-ਕੈਨੇਡਾ ਸ਼ਿਖਰ ਸੰਮੇਲਨ ‘ਚ ਬੋਲ ਰਹੇ ਸਨ, ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਦੇਸ਼ ਇਸ ਸੰਕਟ ਦੇ ਹੱਲ ਲਈ ਮਨੁੱਖੀ ਅਤੇ ਸਿਆਸੀ ਕੋਸ਼ਿਸ਼ਾਂ ਦਾ ਸਮਰਥਨ ਜਾਰੀ ਰਖੇਗਾ। ਟਰੂਡੋ ਨੇ ਸੰਕਟ ਦੇ ਉੱਚਿਤ ਹੱਲ ਦੀ ਅਪੀਲ ਕੀਤੀ ਅਤੇ ਸ਼ਾਂਤੀਪੂਰਨ ਹੱਲ ਲਈ ਸੰਯੁਕਤ ਰਾਸ਼ਟਰ ਦੇ ਸਾਬਕਾ ਜਨਰਲ ਸਕੱਤਰ ਕੌਫੀ ਅੰਨਾਨ ਦੀ ਅਗਵਾਈ ਵਾਲੇ ਸਲਾਹਕਾਰ ਕਮਿਸ਼ਨ ਦੀਆਂ ਸਿਫਾਰਸ਼ਾਂ ਅਤੇ ਅੰਤਿਮ ਰਿਪੋਰਟ ਦੀ ਅਹਿਮੀਅਤ ‘ਤੇ ਜ਼ੋਰ ਦਿੱਤਾ। ਟਰੂਡੋ ਨੇ ਰੋਹਿੰਗਿਆ ਮੁਸਲਮਾਨਾਂ ਦੀ ਮਦਦ ਲਈ ਕੈਨੇਡਾ ਦੀਆਂ ਕੋਸ਼ਿਸ਼ਾਂ ‘ਤੇ ਵੀ ਚਾਨਣਾ ਪਾਇਆ, ਜਿਸ ‘ਚ ਸੰਸਦ ਮੈਂਬਰ ਬੌਬ ਰਾਏ ਨੂੰ ਇਸ ਸੰਕਟ ਦੇ ਹੱਲ ਲਈ ਵਿਸ਼ੇਸ਼ ਦੂਤ ਦੇ ਰੂਪ ਵਿਚ ਨਿਯੁਕਤ ਕਰਨ ਦਾ ਫੈਸਲਾ ਵੀ ਸ਼ਾਮਲ ਸੀ। ਟਰੂਡੋ ਨੇ ਇਸ ਦੇ ਨਾਲ ਹੀ ਕਿਹਾ ਕਿ ਕੈਨੇਡਾ ਬੇਘਰ ਹੋਏ ਲੋਕਾਂ ਦੀ ਘਰ ਵਾਪਸੀ ਲਈ ਮਿਆਂਮਾਰ ਅਤੇ ਬੰਗਲਾਦੇਸ਼ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖੇਗਾ।
ੱਜ਼ਿਕਰਯੋਗ ਹੈ ਕਿ ਬੀਤੀ ਅਗਸਤ ‘ਚ ਮਿਆਂਮਾਰ ਦੇ ਰਖਾਇਨ ਸੂਬੇ ਵਿਚ ਬੌਧ ਭਾਈਚਾਰੇ ਦੇ ਲੋਕਾਂ ਅਤੇ ਫੌਜੀਆਂ ਵਲੋਂ ਰੋਹਿੰਗਿਆ ਲੋਕਾਂ ਦੇ ਘਰਾਂ ਨੂੰ ਸਾੜਨ ਤੋਂ ਬਾਅਦ 6 ਲੱਖ ਤੋਂ ਵਧ ਰੋਹਿੰਗਿਆ ਮੁਸਲਿਮ ਗੁਆਂਢੀ ਦੇਸ਼ ਬੰਗਲਾਦੇਸ਼ ਦੌੜ ਗਏ। ਰੋਹਿੰਗਿਆ ਮੁਸਲਮਾਨ ਕਈ ਦਹਾਕਿਆਂ ਤੋਂ ਮਿਆਂਮਾਰ ਵਿਚ ਰਹਿ ਰਹੇ ਹਨ।