ਦੁਬਈ, 24 ਅਕਤੂਬਰ
ਰੋਹਿਤ ਸ਼ਰਮਾ ਆਈਸੀਸੀ ਦੀ ਤਾਜ਼ਾ ਦਰਜਾਬੰਦੀ ਵਿੱਚ ਕ੍ਰਿਕਟ ਦੀਆਂ ਤਿੰਨਾਂ ਵੰਨਗੀਆਂ ਦੇ ਚੋਟੀ ਦੇ ਦਸ ਬੱਲੇਬਾਜ਼ਾਂ ਵਿੱਚ ਸ਼ਾਮਲ ਹੋਣ ਵਾਲਾ ਤੀਜਾ ਭਾਰਤੀ ਬਣ ਗਿਆ ਹੈ। ਰੋਹਿਤ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ ਅਤੇ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕੇ ਗੌਤਮ ਗੰਭੀਰ ਇਹ ਸਿਹਰਾ ਹਾਸਲ ਕਰ ਚੁੱਕੇ ਹਨ। ਰੋਹਿਤ ਨੇ ਟੈਸਟ ਸਲਾਮੀ ਬੱਲੇਬਾਜ਼ ਵਜੋਂ ਨਵੀਂ ਭੂਮਿਕਾ ਵਿੱਚ ਉਤਰਦਿਆਂ ਦੱਖਣੀ ਅਫਰੀਕਾ ਖ਼ਿਲਾਫ਼ ਲੜੀ ਵਿੱਚ ਯਾਦਗਾਰ ਪ੍ਰਦਰਸ਼ਨ ਕੀਤਾ ਸੀ।
ਉਸ ਨੇ ਰਾਂਚੀ ਵਿੱਚ ਤੀਜੇ ਤੇ ਆਖ਼ਰੀ ਟੈਸਟ ਵਿੱਚ 212 ਦੌੜਾਂ ਦੀ ਪਾਰੀ ਖੇਡੀ ਅਤੇ 12 ਦਰਜਿਆਂ ਦੇ ਫ਼ਾਇਦੇ ਨਾਲ ਆਈਸੀਸੀ ਟੈਸਟ ਦਰਜਾਬੰਦੀ ਵਿੱਚ ਦਸਵੇਂ ਸਥਾਨ ’ਤੇ ਪਹੁੰਚ ਗਿਆ। ਅਜਿੰਕਿਆ ਰਹਾਣੇ ਕਰੀਅਰ ਦੀ ਸਰਵੋਤਮ ਪੰਜਵੀਂ ਦਰਜਾਬੰਦੀ ’ਤੇ ਪਹੁੰਚਿਆ। ਉਹ ਟੈਸਟ ਬੱਲੇਬਾਜ਼ਾਂ ਦੀ ਦਰਜਾਬੰਦੀ ਵਿੱਚ ਕੋਹਲੀ ਅਤੇ ਚੇਤੇਸ਼ਵਰ ਪੁਜਾਰਾ ਮਗਰੋਂ ਤੀਜਾ ਭਾਰਤੀ ਹੈ। ਮਯੰਕ ਅਗਰਵਾਲ 18ਵੇਂ ਸਥਾਨ ’ਤੇ ਹੈ। ਟੂਰਨਾਮੈਂਟ ਵਿੱਚ ਸਰਵੋਤਮ ਖਿਡਾਰੀ ਰਿਹਾ ਰੋਹਿਤ ਲੜੀ ਤੋਂ ਪਹਿਲਾਂ 44ਵੇਂ ਸਥਾਨ ’ਤੇ ਸੀ। ਉਹ ਇੱਕ ਰੋਜ਼ਾ ਵਿੱਚ ਫਰਵਰੀ 2018 ਵਿੱਚ ਆਈਸੀਸੀ ਦਰਜਾਬੰਦੀ ਵਿੱਚ ਦੂਜੇ ਅਤੇ ਟੀ-20 ਵਿੱਚ ਨਵੰਬਰ 2018 ਦੌਰਾਨ ਸੱਤਵੇਂ ਸਥਾਨ ’ਤੇ ਪਹੁੰਚਿਆ ਸੀ।
ਕੋਹਲੀ ਕ੍ਰਿਕਟ ਦੀਆਂ ਤਿੰਨਾਂ ਵੰਨਗੀਆਂ ਵਿੱਚ ਅੱਵਲ ਨੰਬਰ ਰਹਿ ਚੁੱਕਿਆ ਹੈ। ਇਸੇ ਤਰ੍ਹਾਂ ਗੰਭੀਰ ਟੈਸਟ ਅਤੇ ਟੀ-20 ਵਿੱਚ ਚੋਟੀ ’ਤੇ ਅਤੇ ਇੱਕ ਰੋਜ਼ਾ ਵਿੱਚ ਅੱਠਵੇਂ ਸਥਾਨ ’ਤੇ ਰਿਹਾ ਸੀ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਉਮੇਸ਼ ਯਾਦਵ ਕ੍ਰਮਵਾਰ 14ਵੇਂ ਅਤੇ 21ਵੇਂ ਸਥਾਨ ’ਤੇ ਹਨ।