ਪਾਤੜਾਂ, 3 ਅਕਤੂਬਰ
ਅਕਾਲੀ ਦਲ ਵੱਲੋਂ 7 ਅਕਤੂਬਰ ਨੂੰ ਕੀਤੀ ਜਾ ਰਹੀ ਪਟਿਆਲਾ ਰੈਲੀ ਲਈ ਹਲਕਾ ਸ਼ੁਤਰਾਣਾ ਦੇ ਵਰਕਰਾਂ ਨੂੰ ਲਾਮਬੰਦ ਕਰਨ ਵਾਸਤੇ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਤੇ ਐੱਸਜੀਪੀਸੀ ਮੈਂਬਰ ਨਿਰਮਲ ਸਿੰਘ ਦੀ ਅਗਵਾਈ ਪਾਤੜਾਂ ਦੇ ਸ਼ਿਵ ਮੰਦਰ ਹਾਲ ਵਿੱਚ ਮੀਟਿੰਗ ਕੀਤੀ ਗਈ। ਵਰਕਰਾਂ ਨੂੰ ਸਬੋਧਨ ਕਰਨ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਹੁੰਚੇ ਸਨ। ਉਨ੍ਹਾਂ ਵਰਕਰਾਂ ਨੂੰ ਗਿਲੇ ਸ਼ਿਕਵੇ ਭੁਲਾ ਕੇ ਰੈਲੀ ਦੀ ਸਫ਼ਲਤਾ ਲਈ ਜੁਟ ਜਾਣ ਦੀ ਅਪੀਲ ਕੀਤੀ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਾਰਟੀ ਵਰਕਰਾਂ ਤੇ ਸਮਿਤੀ ਤੇ ਪਰਿਸ਼ਦ ਚੋਣਾਂ ਵਿੱਚ ਖੜ੍ਹੇ ਉਮੀਦਵਾਰਾਂ ਨੂੰ ਸਨਮਾਨਿਤ ਕਰਨ ਮਗਰੋਂ ਕਿਹਾ ਕਿ ਉਨ੍ਹਾਂ ਦੇ ਜੀਵਨ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਉਨ੍ਹਾਂ ਨੂੰ ਜਬਰ ਵਿਰੋਧੀ ਰੈਲੀ ਨੂੰ ਸਫਲ ਬਣਾਉਣ ਵਾਸਤੇ ਹਲਕਾਵਾਰ ਮੀਟਿੰਗਾਂ ਕਰਨੀਆਂ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੋਇਆ ਹੈ ਤੇ ਉਨ੍ਹਾਂ ਦਾ ਪਰਿਵਾਰ ਸਦਾ ਪੰਜਾਬ ਦੇ ਹੱਕ ਵਿੱਚ ਲੜਾਈ ਲੜਦਾ ਆਇਆ ਹੈ। ਉਨ੍ਹਾਂ ਕਿਹਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ’ਚ ਲੋਕਤੰਤਰ ਦੇ ਕੀਤੇ ਗਏ ਘਾਣ ਖ਼ਿਲਾਫ਼ ਸੱਤ ਅਕਤੂਬਰ ਨੂੰ ਪਟਿਆਲਾ ’ਚ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ।

ਅਸਤੀਫੇ ਦੇਣ ਵਾਲਿਆਂ ਬਾਰੇ ਖਾਮੋਸ਼ ਰਹੇ ਬਾਦਲ
ਪਿਛਲੇ ਦਸ ਦਿਨਾਂ ਦੌਰਾਨ ਹਲਕਾ ਸ਼ੁਤਰਾਣਾ ਤੋਂ ਕਈ ਦਰਜਨ ਅਕਾਲੀ ਵਰਕਰਾਂ ਨੇ ਕੁਝ ਅਕਾਲੀ ਵਰਕਰਾਂ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਦੇ ਰੋਸ ਵਜੋਂ ਅਸਤੀਫੇ ਦਿੱਤੇ ਹਨ। ਇਸ ਕਰ ਕੇ ਮੀਟਿੰਗ ਵਿੱਚ ਟਕਸਾਲੀ ਵਰਕਰਾਂ ਦੀ ਘਾਟ ਰੜਕਦੀ ਰਹੀ। ਅਸਤੀਫੇ ਦੇਣ ਵਾਲਿਆਂ ਵੱਲੋਂ ਕੋਈ ਵੀ ਆਗੂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਨਹੀਂ ਆਇਆ ਤੇ ਨਾ ਹੀ ਸ੍ਰੀ ਬਾਦਲ ਨੇ ਆਪਣੇ ਭਾਸ਼ਣ ਵਿੱਚ ਅਸਤੀਫੇ ਦੇਣ ਵਾਲਿਆਂ ਬਾਰੇ ਕੋਈ ਸ਼ਬਦ ਕਿਹਾ। ਦੂਜੇ ਪਾਸੇ ਨਾਰਾਜ਼ ਵਰਕਰਾਂ ਦੇ ਕਹਿਣਾ ਹੈ ਕਿ ਉਹ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਟਕਸਾਲੀ ਅਕਾਲੀ ਆਗੂਆਂ ਨਾਲ ਪਾਰਟੀ ਵਿੱਚ ਹੋ ਰਹੀ ਧੱਕੇ ਬਾਰੇ ਜਾਣੂ ਕਰਵਾਉਣ ਲਈ ਮੁਹਿੰਮ ਸ਼ੁਰੂ ਕਰ ਰਹੇ ਹਨ।