ਅਲ ਰੇਆਨ (ਕਤਰ), 9 ਦਸੰਬਰ

ਪੁਰਤਗਾਲ ਫੁਟਬਾਲ ਫੈਡਰੇਸ਼ਨ (ਐਫਪੀਐਫ) ਨੇ ਅੱਜ ਮੀਡੀਆ ਰਿਪੋਰਟਾਂ ਦਾ ਖੰਡਨ ਕਰਦਿਆਂ ਕਿਹਾ ਹੈ ਕਿ ਕ੍ਰਿਸਟਿਆਨੋ ਰੋਨਾਲਡੋ ਨੇ ਵਿਸ਼ਵ ਕੱਪ ਦੌਰਾਨ ਕੌਮੀ ਟੀਮ ਛੱਡਣ ਦੀ ਧਮਕੀ ਨਹੀਂ ਦਿੱਤੀ। ਇਸ ਤੋਂ ਪਹਿਲਾਂ ਸਵਿਟਜ਼ਰਲੈਂਡ ਖ਼ਿਲਾਫ ਮੈਚ ਵਿਚ ਪੁਰਤਗਾਲ ਦੇ ਕਪਤਾਨ ਨੂੰ ਆਖਰੀ ਗਿਆਰਾਂ ਖਿਡਾਰੀਆਂ ਵਿਚ ਥਾਂ ਨਹੀਂ ਦਿੱਤੀ ਗਈ ਸੀ ਜਿਸ ਤੋਂ ਬਾਅਦ ਮੀਡੀਆ ਰਿਪੋਰਟਾਂ ਆਈਆਂ ਸਨ ਕਿ ਕ੍ਰਿਸਟਿਆਨੋ ਰੋਨਾਲਡੋ ਨੇ ਕੌਮੀ ਟੀਮ ਛੱਡਣ ਦੀ ਧਮਕੀ ਦਿੱਤੀ ਹੈ। ਇਸ ਮੈਚ ਵਿਚ ਪੁਰਤਗਾਲ ਨੇ ਸਵਿਟਜ਼ਰਲੈਂਡ ਨੂੰ 6-1 ਨਾਲ ਹਰਾਇਆ ਸੀ। ਇਸ ਮੈਚ ਵਿਚ ਰੋਨਾਲਡੋ ਦੀ ਥਾਂ ਖੇਡੇ ਗੋਂਕਾਲੋ ਰਾਮੋਸ ਨੇ ਤਿੰਨ ਗੋਲ ਦਾਗ ਕੇ ਹੈਟ੍ਰਿਕ ਕੀਤੀ ਸੀ। ਮੀਡੀਆ ਰਿਪੋਰਟਾਂ ਤੋਂ ਬਾਅਦ ਐਫਪੀਐਫ ਨੇ ਸਪਸ਼ਟ ਕੀਤਾ ਕਿ ਕੌਮੀ ਟੀਮ ਦੇ ਕਪਤਾਨ ਕ੍ਰਿਸਟਿਆਨੋ ਰੋਨਾਲਡੋ ਨੇ ਕਦੇ ਵੀ ਕਤਰ ਵਿੱਚ ਕਿਸੇ ਵੀ ਪੜਾਅ ’ਤੇ ਕੌਮੀ ਟੀਮ ਨੂੰ ਛੱਡਣ ਦੀ ਧਮਕੀ ਨਹੀਂ ਦਿੱਤੀ। ਇਸ ਤੋਂ ਪਹਿਲਾਂ ਰੋਨਾਲਡੋ ਨੇ ਗਰੁੱਪ 16 ਦੇ ਪਹਿਲੇ ਮੈਚ ਵਿਚ ਹੀ ਘਾਨਾ ਖ਼ਿਲਾਫ਼ ਗੋਲ ਕੀਤਾ ਸੀ ਤੇ ਉਹ ਪੰਜ ਵਿਸ਼ਵ ਕੱਪਾਂ ਵਿੱਚ ਗੋਲ ਕਰਨ ਵਾਲਾ ਪਹਿਲਾ ਖਿਡਾਰੀ ਬਣਿਆ ਸੀ। ਦੱਸਣਾ ਬਣਦਾ ਹੈ ਕਿ ਪੁਰਤਗਾਲ ਦਾ ਕੁਆਰਟਰ ਫਾਈਨਲ ਵਿੱਚ ਮੋਰੱਕੋ ਨਾਲ ਮੁਕਾਬਲਾ 10 ਦਸੰਬਰ ਨੂੰ ਹੋਵੇਗਾ।