ਸਟਟਗਾਰਟ, 18 ਜੂਨ
ਗਰੈਂਡ ਸਲੈਮ ਖ਼ਿਤਾਬਾਂ ਦੇ ਬੇਤਾਜ਼ ਬਾਦਸ਼ਾਹ ਸਵਿੱਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਵਿਸ਼ਵ ਦੀ ਨੰਬਰ ਇੱਕ ਰੈਂਕਿੰਗਜ਼ ਮੁੜ ਤੋਂ ਹਾਸਲ ਕਰਨ ਦੇ ਨਾਲ-ਨਾਲ ਆਪਣਾ 98ਵਾਂ ਖ਼ਿਤਾਬ ਵੀ ਜਿੱਤ ਲਿਆ ਹੈ। 36 ਸਾਲ ਦੇ ਟੈਨਿਸ ਖਿਡਾਰੀ ਨੇ ਅੱਜ ਫਾਈਨਲ ਵਿੱਚ ਕੈਨੇਡਾ ਦੇ ਮਿਲੋਸ ਰਾਓਨਿਕ ਨੂੰ ਲਗਾਤਾਰ ਸੈੱਟਾਂ ਵਿੱਚ 6-4, 7-6 ਨਾਲ ਹਰਾ ਕੇ ਸਟਟਗਾਰਟ ਓਪਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ।
ਫੈਡਰਰ ਕੱਲ੍ਹ ਫਾਈਨਲ ਵਿੱਚ ਪਹੁੰਚ ਕੇ ਅੱਵਲ ਨੰਬਰ ਰੈਂਕਿੰਗਜ਼ ਹਾਸਲ ਕਰਨਾ ਤਾਂ ਪਹਿਲਾਂ ਹੀ ਪੱਕੀ ਕਰ ਚੁੱਕਿਆ ਸੀ ਅਤੇ ਅੱਜ ਉਸ ਨੇ ਇਸ ਦਾ ਜਸ਼ਨ ਖ਼ਿਤਾਬੀ ਜਿੱਤ ਨਾਲ ਮਨਾਇਆ। ਸੋਮਵਾਰ ਨੂੰ ਜਦੋਂ ਨਵੀਂ ਰੈਂਕਿੰਗਜ਼ ਜਾਰੀ ਹੋਵੇਗੀ ਤਾਂ ਫੈਡਰਰ ਸਪੇਨ ਦੇ ਰਾਫੇਲ ਨਡਾਲ ਨੂੰ ਲਾਹ ਕੇ ਨੰਬਰ ਇੱਕ ਬਣ ਜਾਵੇਗਾ। ਫੈਡਰਰ ਨੇ 78 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ ਰਾਓਨਿਕ ਨੂੰ ਪਸਤ ਕਰ ਦਿੱਤਾ ਅਤੇ ਪਹਿਲੀ ਵਾਰ ਸਟਟਗਾਰਟ ਦਾ ਖ਼ਿਤਾਬ ਜਿੱਤਿਆ। ਸਵਿੱਸ ਮਾਸਟਰ ਨੇ ਇਸ ਖ਼ਿਤਾਬੀ ਜਿੱਤ ਨਾਲ ਸੰਕੇਤ ਦਿੱਤਾ ਹੈ ਕਿ ਉਹ ਆਪਣਾ ਵਿੰਬਲਡਨ ਖ਼ਿਤਾਬ ਬਚਾਉਣ ਲਈ ਤਿਆਰ ਹੈ।
ਅੱਠ ਵਾਰ ਦੇ ਵਿੰਬਲਡਨ ਖ਼ਿਤਾਬ ਜਿੱਤ ਚੁੱਕੇ ਫੈਡਰਰ ਨੇ ਬੀਤੇ ਸਾਲ ਵਿੰਬਲਡਨ ਦੇ ਆਪਣੇ ਖ਼ਿਤਾਬੀ ਸਫ਼ਰ ਵਿੱਚ ਰਾਓਨਿਕ ਨੂੰ ਹਰਾਇਆ ਸੀ। ਉਸ ਨੇ ਪਹਿਲੇ ਸੈੱਟ ਦੇ ਤੀਜੇ ਗੇਮ ਵਿੱਚ ਕੈਨੇਡਿਆਈ ਖਿਡਾਰੀ ਦੀ ਸ਼ਕਤੀਸ਼ਾਲੀ ਸਰਵਿਸ ਤੋੜੀ, ਜੋ ਉਸ ਨੂੰ ਪਹਿਲਾ ਸੈੱਟ ਜਿਤਾਉਣ ਲਈ ਕਾਫੀ ਸੀ। ਦੂਜਾ ਸੈੱਟ ਟਾਈਬ੍ਰੇਕ ਵਿੱਚ ਗਿਆ, ਪਰ ਫੈਡਰਰ ਨੇ ਟਾਈਬ੍ਰੇਕ 7-3 ਨਾਲ ਜਿੱਤ ਕੇ ਖ਼ਿਤਾਬ ਆਪਣੇ ਨਾਮ ਕਰ ਲਿਆ। ਫੈਡਰਰ ਜੇਕਰ ਇਸ ਮਗਰੋਂ ਆਪਣਾ ਹਾਲੇ ਗਰਾਸ ਕੋਰਟ ਖ਼ਿਤਾਬ ਬਰਕਰਾਰ ਰੱਖਦਾ ਹੈ ਤਾਂ ਉਹ ਵਿੰਬਲਡਨ ਵਿੱਚ 100ਵਾਂ ਖ਼ਿਤਾਬ ਜਿੱਤਣ ਦੇ ਟੀਚੇ ਨਾਲ ਉਤਰੇਗਾ।