ਲੁਧਿਆਣਾ,ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਰੈਫਰੰਡਮ 2020 ਦਾ ਪੰਜਾਬ ਹੀ ਨਹੀਂ, ਸਗੋਂ ਦੁਨੀਆਂ ’ਚ ਕਿਤੇ ਵੀ ਕੋਈ ਆਧਾਰ ਨਹੀਂ ਹੈ। ਇਹ ਕਿਸੇ ਨਾ ਕਿਸੇ ਕਾਰਨ ਚਰਚਾ ’ਚ ਰਹਿਣ ਦੀ ਇੱਛਾ ਰੱਖਣ ਵਾਲੇ ਕੁਝ ਨਿਰਾਸ਼ ਲੋਕਾਂ ਦੀ ਨਾਕਾਮ ਕੋਸ਼ਿਸ਼ ਹੈ। ਮਨੀਸ਼ ਤਿਵਾੜੀ ਅੱਜ ਲੁਧਿਆਣਾ ਵਿੱਚ ਰੱਖੀ ਇੱਕ ਮੀਟਿੰਗ ਵਿੱਚ ਹਿੱਸਾ ਲੈਣ ਆਏ ਹੋਏ ਸਨ।
ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬੀਆਂ ਅੰਦਰ ਅਤਿਵਾਦ ਦੇ ਕਾਲੇ ਦਹਾਕੇ ਦੀਆਂ ਭਿਆਨਕ ਯਾਦਾਂ ਹਾਲੇ ਵੀ ਤਾਜ਼ਾ ਹਨ, ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ ਤੇ ਉਹ ਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਭੰਗ ਨਹੀਂ ਕਰਨ ਦੇਣਗੇ। ਰੈਫਰੰਡਮ 2020 ਨੂੰ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐੱਸਆਈ ਦੀ ਹਮਾਇਤ ਮਿਲਣ ਦੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ 1971 ਦੀ ਜੰਗ ’ਚ ਹਾਰ ਤੋਂ ਬਾਅਦ ਆਈਐੱਸਆਈ ਭਾਰਤ ਅੰਦਰ ਤਣਾਅ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਰਦੀ ਆ ਰਹੀ ਹੈ, ਪਰ ਉਸ ਨੂੰ ਕਦੇ ਵੀ ਕਾਮਯਾਬੀ ਨਹੀਂ ਮਿਲੀ।
2019 ਦੀਆਂ ਆਮ ਚੋਣਾਂ ਲਈ ਵਿਰੋਧੀ ਧਿਰ ਵੱਲੋਂ ਬਣਾਏ ਜਾ ਰਹੇ ਸਾਂਝੇ ਗੱਠਜੋੜ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਇੱਕੋ ਜਿਹੀ ਵਿਚਾਰਧਾਰਾ ਵਾਲੀਆਂ ਵਿਆਪਕ ਧਰਮ ਨਿਰਪੱਖ ਅਤੇ ਪ੍ਰਗਤੀਸ਼ੀਲ ਤਾਕਤਾਂ ਦੇ ਗੱਠਜੋੜ ਦੇ ਹੱਕ ’ਚ ਹੈ ਤਾਂ ਜੋ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਨੂੰ ਹਰਾਇਆ ਜਾ ਸਕੇ। ਸਾਬਕਾ ਮੰਤਰੀ ਨੇ ਸੂਬੇ ਅੰਦਰ ਆਮ ਆਦਮੀ ਪਾਰਟੀ ਵਿਚਾਲੇ ਹੋ ਰਹੀ ਖਿੱਚੋਤਾਣ ’ਤੇ ਬੋਲਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦਾ ਅੰਦਰੂਨੀ ਮਾਮਲਾ ਹੈ।
ਆਪਣੀ ਲੁਧਿਆਣਾ ਦੀਆਂ ਫੇਰੀਆਂ ਬਾਰੇ ਉਨ੍ਹਾਂ ਕਿਹਾ ਕਿ ਉਹ ਪੰਜ ਸਾਲਾਂ ਤੱਕ ਸੰਸਦ ’ਚ ਇਸ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ ਅਤੇ ਸਾਲ 2004 ਤੋਂ ਇੱਥੇ ਹਨ। ਅਜਿਹੇ ’ਚ ਉਨ੍ਹਾਂ ਦਾ ਪਾਰਟੀ ਵਰਕਰਾਂ ਤੇ ਆਗੂਆਂ ਨਾਲ ਮਿਲਣਾ ਤੇ ਉਨ੍ਹਾਂ ਦੇ ਸੱਦਿਆਂ ਤੇ ਪ੍ਰੋਗਰਾਮਾਂ ਵਿੱਚ ਸ਼ਾਮਲ ਜ਼ਰੂਰ ਹੋਣਗੇ।
ਇਸ ਮੌਕੇ ਪਲਵਿੰਦਰ ਸਿੰਘ ਤੱਗੜ, ਪਵਨ ਦੀਵਾਨ, ਗੁਰਮੇਲ ਸਿੰਘ ਪਹਿਲਵਾਨ, ਅਵਤਾਰ ਸਿੰਘ ਕੰਡਾ, ਡਾ. ਓਂਕਾਰ ਚੰਦ ਸ਼ਰਮਾ, ਨਰਿੰਦਰ ਸੁਰਾ, ਬਹਾਦਰ ਸਿੰਘ, ਮਨੀ ਭਗਤ, ਬ੍ਰਿਜ ਮੋਹਨ ਸ਼ਰਮਾ ਹਾਜ਼ਰ ਸਨ।