ਮੋਗਾ, 7 ਜਨਵਰੀ

ਇਥੋਂ ਦੇ ਜੰਮਪਲ ਤੇ ਬੌਲੀਵੁਡ ਅਦਾਕਾਰ ਸੋਨੂ ਸੂਦ ਦੇ ਚੱਲਦੀ ਰੇਲ ਗੱਡੀ ਦੇ ਦਰਵਾਜ਼ੇ ’ਚ ਬੈਠਣ ’ਤੇ ਉਤਰੀ ਰੇਲ ਵਿਭਾਗ ਨੇ ਇਤਰਾਜ਼ ਜਤਾਇਆ ਸੀ ਜਿਸ ’ਤੇ ਸੋਨੂ ਸੂਦ ਨੂੰ ਮੁਆਫ਼ੀ ਮੰਗਣੀ ਪਈ ਹੈ। ਇਸ ਅਦਾਕਾਰ ਦੀ ਚੱਲਦੀ ਰੇਲ ਗੱਡੀ ਦੇ ਦਰਵਾਜ਼ੇ ’ਚ ਬੈਠਣ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਉਤਰੀ ਰੇਲਵੇ ਨੇ ਟਵੀਟ ਕਰਕੇ ਇਤਰਾਜ਼ ਜਤਾਇਆ ਸੀ। ਇਸ ਮਗਰੋਂ ਬੌਲੀਵੁੱਡ ਅਦਾਕਾਰ ਨੇ ਵੀ ਟਵੀਟ ਕਰਦਿਆਂ ਮੁਆਫ਼ੀ ਮੰਗੀ ਹੈ। ਉਤਰੀ ਰੇਲਵੇ ਵੱਲੋਂ ਟਵੀਟ ਕਰਕੇ ਬੌਲੀਵੁੱਡ ਅਦਾਕਾਰ ਨੂੰ ਆਖਿਆ ਗਿਆ ਕਿ ਉਹ ਭਾਰਤ ਦੇ ਲੋਕਾਂ ਲਈ ਰੋਲ ਮਾਡਲ ਹਨ। ਰੇਲ ਗੱਡੀ ਦੇ ਦਰਵਾਜ਼ੇ ’ਚ ਬੈਠ ਕੇ ਸਫ਼ਰ ਕਰਨਾ ਖ਼ਤਰਨਾਕ ਹੈ ਤੇ ਇਹ ਤਸਵੀਰ ਪ੍ਰਸ਼ੰਸਕਾਂ ਵਿੱਚ ਗਲਤ ਸੰਦੇਸ਼ ਦੇ ਸਕਦੀ ਹੈ। ਕਿਰਪਾ ਕਰਕੇ ਅਜਿਹਾ ਨਾ ਕਰੋ ਸਗੋਂ ਸੁਰੱਖਿਅਤ ਯਾਤਰਾ ਦਾ ਆਨੰਦ ਮਾਣੋ। ਇਸ ਤੋਂ ਬਾਅਦ ਸੋਨੂ ਸੂਦ ਨੇ ਕਿਹਾ ਕਿ ਉਹ ਐਂਵੇ ਹੀ ਇਹ ਦੇਖਣ ਲਈ ਦਰਵਾਜ਼ੇ ਵਿਚ ਬੈਠ ਗਿਆ ਸੀ ਕਿ ਉਹ ਲੱਖਾਂ ਗਰੀਬ ਲੋਕ ਕਿਵੇਂ ਮਹਿਸੂਸ ਕਰਦੇ ਹੋਣਗੇ ਜਿਨ੍ਹਾਂ ਦੀ ਜ਼ਿੰਦਗੀ ਹਾਲੇ ਵੀ ਗੱਡੀ ਦੇ ਦਰਵਾਜ਼ਿਆਂ ’ਚੋਂ ਲੰਘਦੀ ਹੈ।