ਨਵੀਂ ਦਿੱਲੀ : ਭਾਜਪਾ ਦੀ ਪਹਿਲੀ ਵਾਰ ਵਿਧਾਇਕ ਬਣੀ ਬੀਬੀ ਰੇਖਾ ਗੁਪਤਾ ਨੇ ਵੀਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਦੇ ਨਾਲ ਹੀ ਭਾਜਪਾ ਦੀ 26 ਸਾਲਾਂ ਤੋਂ ਵੱਧ ਸਮੇਂ ਬਾਅਦ ਕੌਮੀ ਰਾਜਧਾਨੀ ਵਿੱਚ ਸੱਤਾ ’ਚ ਵਾਪਸੀ ਹੋਈ ਹੈ। ਰੇਖਾ ਗੁਪਤਾ ਦੇ ਨਾਲ ਪਰਵੇਸ਼ ਵਰਮਾ, ਆਸ਼ੀਸ਼ ਸੂਦ, ਮਨਜਿੰਦਰ ਸਿੰਘ ਸਿਰਸਾ, ਕਪਿਲ ਮਿਸ਼ਰਾ, ਰਵਿੰਦਰ ਇੰਦਰਰਾਜ ਸਿੰਘ ਅਤੇ ਪੰਕਜ ਸਿੰਘ ਨੂੰ ਵੀ ਉਪ ਰਾਜਪਾਲ ਵੀਕੇ ਸਕਸੈਨਾ ਨੇ ਅਹੁਦੇ ਦੀ ਸਹੁੰ ਚੁਕਾਈ।
ਇਤਿਹਾਸਕ ਰਾਮਲੀਲਾ ਮੈਦਾਨ ਵਿੱਚ ਹੋਏ ਹਲਫ਼ਦਾਰੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਭਾਜਪਾ ਦੇ ਵੱਡੇ ਆਗੂਆਂ ਅਤੇ ਐਨਡੀਏ ਦੇ ਮੁੱਖ ਮੰਤਰੀਆਂ ਨੇ ਸ਼ਿਰਕਤ ਕੀਤੀ। ਗੁਪਤਾ ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਹੈ। ਸ਼ਾਲੀਮਾਰ ਬਾਗ ਤੋਂ 50 ਸਾਲਾ ਵਿਧਾਇਕ ਮੁੱਖ ਮੰਤਰੀਆਂ ਦੀ ਐਨਡੀਏ ਟੀਮ ਵਿੱਚ ਇਕਲੌਤੀ ਮਹਿਲਾ ਵੀ ਹੈ। ਉਂਝ ਉਹ ਦਿੱਲੀ ਦੀ ਨੌਵੀਂ ਮੁੱਖ ਮੰਤਰੀ ਹੈ ਅਤੇ ਭਾਜਪਾ ਵੱਲੋਂ ਵੀ ਦਿੱਲੀ ਦੀ ਚੌਥੀ ਮੁੱਖ ਮੰਤਰੀ ਬਣੀ ਹੈ।
ਸਮਾਗਮ ਵਿੱਚ ਪੁੱਜੀਆਂ ਹੋਰ ਅਹਿਮ ਹਸਤੀਆਂ ਵਿਚ ਭਾਜਪਾ ਅਤੇ ਇਸ ਦੇ ਐਨਡੀਏ ਸਹਿਯੋਗੀਆਂ ਦੀ ਹਕੂਮਤ ਵਾਲੇ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਲ ਹਨ, ਜਿਵੇਂ ਮਹਾਰਾਸ਼ਟਰ ਦੇ ਦੇਵੇਂਦਰ ਫੜਨਵੀਸ, ਆਂਧਰਾ ਪ੍ਰਦੇਸ਼ ਦੇ ਚੰਦਰਬਾਬੂ ਨਾਇਡੂ, ਗੋਆ ਦੇ ਪ੍ਰਮੋਦ ਸਾਵੰਤ, ਹਰਿਆਣਾ ਦੇ ਨਾਇਬ ਸਿੰਘ ਸੈਣੀ ਅਤੇ ਮੇਘਾਲਿਆ ਦੇ ਕੋਨਰਾਡ ਸੰਗਮਾ। ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਤੇ ਬ੍ਰਜੇਸ਼ ਪਾਠਕ ਅਤੇ ਆਂਧਰਾ ਪ੍ਰਦੇਸ਼ ਦੇ ਪਵਨ ਕਲਿਆਣ ਵੀ ਮੌਜੂਦ ਸਨ। ਰੇਖਾ ਗੁਪਤਾ ਨੇ ਹਿੰਦੀ ਵਿਚ ਅਹੁਦੇ ਦੀ ਸਹੁੰ ਚੁੱਕੀ। ਮਨਜਿੰਦਰ ਸਿਰਸਾ ਤੋਂ ਬਿਨਾਂ ਬਾਕੀ ਮੰਤਰੀਆਂ ਨੇ ਵੀ ਹਿੰਦੀ ਵਿਚ ਹਲਫ਼ ਲਿਆ, ਜਦੋਂਕਿ ਸਿਰਸਾ ਨੇ ਪੰਜਾਬੀ ਵਿਚ ਸਹੁੰ ਚੁੱਕੀ। ਇਸ ਦੌਰਾਨ ਮੰਤਰੀਆਂ ਨੇ ਭਾਰਤ ਮਾਤਾ ਕੀ ਜੈ ਅਤੇ ਜੈ ਸ੍ਰੀਰਾਮ ਆਦਿ ਨਾਅਰੇ ਲਾਏ।