ਮਾਸਕੋ, 30 ਮਾਰਚ
ਰੂਸੀ ਸੈਨਾ ਨੇ ਅੱਜ ਆਪਣੀ ਰਣਨੀਤਕ ਮਿਜ਼ਾਈਲ ਤਾਕਤ ਦਾ ਅਭਿਆਸ ਕੀਤਾ ਹੈ। ਯੂਕਰੇਨ ਜੰਗ ਦੌਰਾਨ ਰੂਸੀ ਫ਼ੌਜ ਨੇ ਆਪਣੀ ਵੱਡੀ ਪਰਮਾਣੂ ਸਮਰੱਥਾ ਦਾ ਮੁਜ਼ਾਹਰਾ ਕਰਦਿਆਂ ਸਾਇਬੇਰੀਆ ਵਿਚ ਮੋਬਾਈਲ ਲਾਂਚਰ ਤਾਇਨਾਤ ਕੀਤੇ ਹਨ। ਇਸ ਅਭਿਆਸ ਦੇ ਹਿੱਸੇ ਵਜੋਂ, ‘ਯਾਰਸ’ ਮੋਬਾਈਲ ਮਿਜ਼ਾਈਲ ਲਾਂਚਰ ਸਾਇਬੇਰੀਆ ਦੇ ਤਿੰਨ ਖੇਤਰਾਂ ਵਿਚ ਗਤੀਵਿਧੀ ਕਰਨਗੇ।
ਰੂਸ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇਸ ਅਭਿਆਸ ਵਿਚ ਵਿਦੇਸ਼ੀ ਖ਼ੁਫ਼ੀਆ ਅਸਾਸਿਆਂ ਦੀ ਤਾਇਨਾਤੀ ਦਾ ਪਰਦਾਫਾਸ਼ ਕਰਨ ਦੀ ਪ੍ਰਣਾਲੀ ਵੀ ਸ਼ਾਮਲ ਹੋਵੇਗੀ। ਰੱਖਿਆ ਮੰਤਰਾਲੇ ਨੇ ਕਿਸੇ ਲਾਂਚ ਦੀ ਯੋਜਨਾ ਬਾਰੇ ਨਹੀਂ ਦੱਸਿਆ। ‘ਯਾਰਸ’ ਪਰਮਾਣੂ ਹਥਿਆਰਾਂ ਨਾਲ ਲੈਸ ਅੰਤਰ-ਮਹਾਦੀਪ ਮਾਰ ਕਰਨ ਵਾਲੀ ਬੈਲਿਸਟਿਕ ਮਿਜ਼ਾਈਲ ਹੈ। ਇਸ ਦੀ ਮਾਰ 11 ਹਜ਼ਾਰ ਕਿਲੋਮੀਟਰ ਤੱਕ ਹੈ। ਇਹ ਰੂਸ ਦੀ ਮਿਜ਼ਾਈਲ ਤਾਕਤ ਦੀ ਰੀੜ੍ਹ ਦੀ ਹੱਡੀ ਹੈ। ਰੱਖਿਆ ਮੰਤਰਾਲੇ ਨੇ ਇਕ ਵੀਡੀਓ ਰਿਲੀਜ਼ ਕੀਤੀ ਹੈ ਜਿਸ ਵਿਚ ਵੱਡੇ ਆਕਾਰ ਦੇ ਟਰੱਕ ਮਿਜ਼ਾਈਲਾਂ ਨੂੰ ਬੇਸ ਤੋਂ ਬਾਹਰ ਲਿਜਾ ਰਹੇ ਹਨ। ਸਾਇਬੇਰੀਆ ਵਿਚ ਇਸ ਅਭਿਆਸ ਲਈ 300 ਵਾਹਨਾਂ ਤੇ 3 ਹਜ਼ਾਰ ਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਬੇਲਾਰੂਸ ਵਿਚ ਰਣਨੀਤਕ ਪਰਮਾਣੂ ਹਥਿਆਰਾਂ ਦੀ ਤਾਇਨਾਤੀ ਦਾ ਐਲਾਨ ਕੀਤਾ ਹੈ। ਮੰਗਲਵਾਰ ਸਾਹਮਣੇ ਆਏ ਇਕ ਬਿਆਨ ਵਿਚ ਰੂਸ ਦੇ ਚੋਟੀ ਦੇ ਸੁਰੱਖਿਆ ਅਧਿਕਾਰੀ ਨਿਕੋਲਈ ਪਤਰੂਸ਼ੇਵ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਤੇ ਇਸ ਦੇ ਸਾਥੀ ਇਹ ਆਸ ਰੱਖਣੀ ਛੱਡ ਦੇਣ ਕਿ ਰੂਸ ਨੂੰ ਯੂਕਰੇਨ ਵਿਚ ਹਾਰ ਦੇਖਣੀ ਪਏਗੀ। ਪਤਰੂਸ਼ੇਵ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਕਾਫ਼ੀ ਨੇੜੇ ਹਨ।