ਕੀਵ, 4 ਜਨਵਰੀ
ਰੂਸ ਵੱਲੋਂ ਯੂਕਰੇਨ ਉਤੇ ਇਰਾਨ ਦੇ ਬਣੇ ਡਰੋਨਾਂ ਨਾਲ ਹੱਲਾ ਬੋਲਣ ਦੀ ਤਿਆਰੀ ਕੀਤੀ ਜਾ ਰਹੀ ਹੈ। ਧਮਾਕਾਖੇਜ਼ ਸਮੱਗਰੀ ਵਾਲੇ ਇਨ੍ਹਾਂ ਡਰੋਨਾਂ ਦੀ ਵਰਤੋਂ ਰਾਹੀਂ ਰੂਸ ਆਪਣੀ ਜੰਗੀ ਰਣਨੀਤੀ ਵਿਚ ਬਦਲਾਅ ਕਰਨ ਜਾ ਰਿਹਾ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਪਹਿਲੀਆਂ ਮੁਹਿੰਮਾਂ ਵਿਚ ਕਈ ਵਾਰ ਝਟਕਾ ਲੱਗਣ ਤੋਂ ਬਾਅਦ ਰੂਸ ਹੁਣ ਕੀਵ ’ਤੇ ਨਵੇਂ ਸਿਰਿਓਂ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜ਼ੇਲੈਂਸਕੀ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਰੂਸ ਲੰਮੇ ਸਮੇਂ ਲਈ ‘ਸ਼ਹੀਦ’ ਡਰੋਨ ਵਰਤਣ ਦੀ ਯੋਜਨਾ ਬਣਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਰੂਸ ਦੀ ਯੋਜਨਾ ‘ਸਾਡੇ ਲੋਕਾਂ ਨੂੰ ਥਕਾ ਕੇ ਸਾਡੇ ਜਵਾਬੀ ਹੱਲੇ ਨੂੰ ਮੱਠਾ ਕਰਨਾ ਹੈ।’ ਜ਼ਿਕਰਯੋਗ ਹੈ ਕਿ ਜੰਗ ਲੱਗੀ ਨੂੰ ਦਸ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਸੂਚਨਾ ਮੁਤਾਬਕ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਆਪਣੇ ਜੰਗੀ ਯਤਨਾਂ ਵਿਚ ਭਰੋਸਾ ਕਾਇਮ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਬਦਲਾਂ ਉਤੇ ਵਿਚਾਰ ਕਰ ਰਹੇ ਹਨ। ਪਿਛਲੇ ਕੁਝ ਮਹੀਨਿਆਂ ਤੋਂ ਰੂਸ ਦੇ ਹੱਲੇ ਨੂੰ ਯੂਕਰੇਨ ਦੀ ਜਵਾਬੀ ਕਾਰਵਾਈ ਨੇ ਠੰਢਾ ਕਰ ਦਿੱਤਾ ਹੈ। ਯੂਕਰੇਨ ਪੱਛਮੀ ਦੇਸ਼ਾਂ ਤੋਂ ਮਿਲੇ ਹਥਿਆਰਾਂ ਦੀ ਮਦਦ ਨਾਲ ਰੂਸ ਦਾ ਡੱਟ ਕੇ ਮੁਕਾਬਲਾ ਕਰ ਰਿਹਾ ਹੈ।
ਇਸੇ ਦੌਰਾਨ ਯੂਕਰੇਨੀ ਬਲਾਂ ਨੇ ਦੋਨੇਸਕ ਖੇਤਰ ਵਿਚ ਰਾਕੇਟ ਦਾਗੇ ਹਨ ਜਿੱਥੇ ਮੌਜੂਦ 63 ਰੂਸੀ ਸੈਨਿਕ ਮਾਰੇ ਗਏ ਹਨ। ਯੂਕਰੇਨ ਦੀ ਹਵਾਈ ਰੱਖਿਆ ਕਤਾਰ ਨੇ ਰੂਸੀ ਜੰਗੀ ਜਹਾਜ਼ਾਂ ਲਈ ਮਿਜ਼ਾਈਲਾਂ ਸੁੱਟਣਾ ਬਹੁਤ ਔਖਾ ਕਰ ਦਿੱਤਾ ਹੈ। ਇਰਾਨ ਦੇ ਬਣੇ ਧਮਾਕਾਖੇਜ਼ ਸਮੱਗਰੀ ਵਾਲੇ ਡਰੋਨ ਰੂਸ ਲਈ ਹਥਿਆਰਾਂ ਦਾ ਇਕ ਸਸਤਾ ਬਦਲ ਹਨ ਤੇ ਇਹ ਸੈਨਾ ਤੇ ਨਾਗਰਿਕਾਂ ਵਿਚ ਡਰ ਵੀ ਪੈਦਾ ਕਰ ਸਕਦੇ ਹਨ। ਰੂਸ ਨੂੰ ਡਰੋਨ ਸਪਲਾਈ ਕਰਨ ’ਤੇ ਇਰਾਨ ਨੂੰ ਅਮਰੀਕਾ ਤੇ ਹੋਰ ਮੁਲਕਾਂ ਦੀ ਆਲੋਚਨਾ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
ਜ਼ੇਲੈਂਸਕੀ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਹਫ਼ਤਿਆਂ ਵਿਚ ‘ਰਾਤਾਂ ਮੁਸ਼ਕਲ ਹੋ ਸਕਦੀਆਂ ਹਨ।’ ਜ਼ਿਕਰਯੋਗ ਹੈ ਕਿ ਨਵੇਂ ਸਾਲ ਦੇ ਪਹਿਲੇ ਦੋ ਦਿਨਾਂ ਦੌਰਾਨ ਵੀ ਰੂਸ ਨੇ ਕਈ ਡਰੋਨ ਹਮਲੇ ਕੀਤੇ ਹਨ। ਯੂਕਰੇਨੀ ਰੱਖਿਆ ਬਲਾਂ ਨੇ ਵੱਡੀ ਗਿਣਤੀ ਡਰੋਨਾਂ ਨੂੰ ਤਬਾਹ ਵੀ ਕੀਤਾ ਹੈ। ਰੂਸ ਵੱਲੋਂ ਸੋਮਵਾਰ ਰਾਤ ਕੀਤੇ ਗਏ ਮਿਜ਼ਾਈਲ ਹਮਲੇ ਵਿਚ ਯੂਕਰੇਨ ਦਾ ਇਕ ਵੱਡਾ ਆਈਸ ਹਾਕੀ ਸਟੇਡੀਅਮ ਤਬਾਹ ਹੋ ਗਿਆ ਹੈ। ਖਾਰਕੀਵ ਤੇ ਹੋਰਾਂ ਖੇਤਰਾਂ ਵਿਚ ਵੀ ਰੂਸ ਨੇ ਬੰਬਾਰੀ ਕੀਤੀ ਹੈ।