ਮਾਸਕੋ, 23 ਅਗਸਤ
ਰੂਸ ਦੇ ਰੱਖਿਆ ਮੰਤਰਾਲੇ ਮੁਤਾਬਕ ਉਨ੍ਹਾਂ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਸੋਮਵਾਰ ਰਾਤ ਯੂਕਰੇਨ ਦੇ ਚਾਰ ਡਰੋਨ ਹਮਲਿਆਂ ਨੂੰ ਰੋਕਿਆ ਹੈ। ਇਕ ਡਰੋਨ ਦੇ ਡਿੱਗ ਰਹੇ ਮਲਬੇ ਨੇ ਰਿਹਾਇਸ਼ੀ ਇਮਾਰਤ ਦੀਆਂ ਖਿੜਕੀਆਂ ਤੋੜ ਦਿੱਤੀਆਂ। ਮਾਸਕੋ ਦੇ ਉਪ ਨਗਰੀ ਖੇਤਰ ਵਿਚ ਕੁਝ ਵਾਹਨਾਂ ਨੂੰ ਵੀ ਨੁਕਸਾਨ ਪੁੱਜਾ ਹੈ। ਰੂਸ ਮੁਤਾਬਕ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ ਤੇ ਕੋਈ ਫੱਟੜ ਵੀ ਨਹੀਂ ਹੋਇਆ ਹੈ। ਦੋਵਾਂ ਮੁਲਕਾਂ ਦੀ ਜੰਗ ਨੂੰ 18 ਮਹੀਨੇ ਹੋ ਚੱਲੇ ਹਨ। ਲੰਘੇ ਹਫ਼ਤਿਆਂ ਵਿਚ ਰੂਸੀ ਧਰਤੀ ’ਤੇ ਕਰੀਬ ਰੋਜ਼ਾਨਾ ਹੀ ਡਰੋਨ ਹਮਲੇ ਦੇਖੇ ਗਏ ਹਨ, ਪਰ ਇਨ੍ਹਾਂ ਨਾਲ ਜ਼ਿਆਦਾ ਨੁਕਸਾਨ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਉਹ ਜੰਗ ਨੂੰ ਰੂਸ ਦੇ ਧੁਰ ਅੰਦਰ ਤੱਕ ਲਿਜਾ ਰਹੇ ਹਨ। ਹਮਲਿਆਂ ਦੇ ਮੱਦੇਨਜ਼ਰ ਅੱਜ ਚੌਕਸੀ ਵਜੋਂ ਮਾਸਕੋ ਦੇ ਕਈ ਹਵਾਈ ਅੱਡਿਆਂ ਤੋਂ ਉਡਾਣਾਂ ਨੂੰ ਰੋਕ ਦਿੱਤਾ ਗਿਆ। ਯੂਕਰੇਨ ਨੇ ਕਿਸੇ ਵੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਵੇਰਵਿਆਂ ਮੁਤਾਬਕ ਰੂਸ ਵੱਲੋਂ ਜਾਮ ਕੀਤੇ ਦੋ ਹੋਰ ਡਰੋਨ ਕਰੈਸ਼ ਹੋ ਕੇ ਯੂਕਰੇਨ ਨਾਲ ਲੱਗਦੇ ਇਕ ਖੇਤਰ ਵਿਚ ਡਿੱਗ ਗਏ।