ਕੀਵ, 3 ਜਨਵਰੀ
ਰੂਸ ਨੇ ਯੂਕਰੇਨ ਉਤੇ ਹਮਲੇ ਲਈ ਲਈ ਹੁਣ ਡਰੋਨ ਵਰਤਣੇ ਸ਼ੁਰੂ ਕਰ ਦਿੱਤੇ ਹਨ। ਰਾਤ ਵੇਲੇ ਰੂਸ ਵੱਲੋਂ ਧਮਾਕਾਖੇਜ਼ ਸਮੱਗਰੀ ਵਾਲੇ ਡਰੋਨ ਦਾਗੇ ਜਾ ਰਹੇ ਹਨ। ਇਨ੍ਹਾਂ ਹਮਲਿਆਂ ਰਾਹੀਂ ਰੂਸ ਨੇ ਯੂਕਰੇਨ ’ਤੇ ਬੰਬਾਰੀ ਜਾਰੀ ਰੱਖਣ ਦੇ ਸੰਕੇਤ ਦਿੱਤੇ ਹਨ ਜਿਨ੍ਹਾਂ ’ਚ ਸਿਵਲੀਅਨ ਢਾਂਚੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਨਵੇਂ ਸਾਲ ਤੋਂ ਇਕ ਦਿਨ ਪਹਿਲਾਂ ਕੀਤੇ ਗਏ ਹਮਲੇ ਵਿਚ ਤਿੰਨ ਨਾਗਰਿਕ ਮਾਰੇ ਗਏ ਸਨ। ਕੀਵ ਦੇ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ 40 ਡਰੋਨ ਯੂਕਰੇਨ ਦੀ ਰਾਜਧਾਨੀ ਵੱਲ ਛੱਡੇ ਗਏ ਸਨ। ਇਨ੍ਹਾਂ ਸਾਰਿਆਂ ਨੂੰ ਤਬਾਹ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ 22 ਡਰੋਨ ਕੀਵ ਉਤੇ ਤੇ ਤਿੰਨ ਹੋਰ ਆਲੇ-ਦੁਆਲੇ ਦੇ ਖੇਤਰ ਵਿਚ ਡੇਗੇ ਗਏ ਹਨ। 15 ਡਰੋਨ ਨਾਲ ਲੱਗਦੇ ਸੂਬਿਆਂ ਵਿਚ ਸੁੱਟੇ ਗਏ ਹਨ। ਇਨ੍ਹਾਂ ਹਮਲਿਆਂ ਕਾਰਨ ਊਰਜਾ ਢਾਂਚੇ ਨੂੰ ਨੁਕਸਾਨ ਪੁੱਜਾ ਹੈ ਤੇ ਇਕ ਜ਼ਿਲ੍ਹੇ ਵਿਚ ਧਮਾਕਾ ਵੀ ਹੋਇਆ ਹੈ। ਇਸ ਹਮਲੇ ਵਿਚ 19 ਸਾਲ ਦੇ ਇਕ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਰੂਸ ਨੇ ਅਕਤੂਬਰ ਮਹੀਨੇ ਤੋਂ ਲਗਾਤਾਰ ਯੂਕਰੇਨ ਦੀ ਬਿਜਲੀ ਤੇ ਜਲ ਸਪਲਾਈ ਨੂੰ ਨਿਸ਼ਾਨਾ ਬਣਾਇਆ ਹੈ।
ਦੂਜੇ ਪਾਸੇ ਰੂਸ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਪੂਰਬੀ ਦੋਨੇਤਸਕ ਖੇਤਰ ਵਿੱਚ ਯੂਕਰੇਨ ਵੱਲੋਂ ਕੀਤੇ ਗਏ ਰਾਕੇਟ ਹਮਲੇ ’ਚ ਉਸ ਦੇ 63 ਜਵਾਨ ਮਾਰੇ ਗਏ ਹਨ। ਮੰਤਰਾਲੇ ਨੇ ਦੱਸਿਆ ਕਿ ਯੂਕਰੇਨ ਦੇ ‘ਹਿਮਾਰਸ’ ਲਾਂਚ ਸਿਸਟਮ ਰਾਹੀਂ ਛੇ ਰਾਕੇਟ ਦਾਗੇ ਗਏ, ਜਿਨ੍ਹਾਂ ’ਚੋਂ ਦੋ ਨੂੰ ਰੂਸੀ ਬਲਾਂ ਨੇ ਨਸ਼ਟ ਕਰ ਦਿੱਤਾ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਰੂਸ ’ਤੇ ‘ਊਰਜਾ ਅਤਿਵਾਦ’ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਰੂਸ ਸਰਦੀਆਂ ਨੂੰ ਹਥਿਆਰ ਬਣਾ ਕੇ ਵਰਤ ਰਿਹਾ ਹੈ। ਦੱਸਣਯੋਗ ਹੈ ਕਿ ਯੂਕਰੇਨ ਪੱਛਮੀ ਦੇਸ਼ਾਂ ਵੱਲੋਂ ਸਪਲਾਈ ਕੀਤੇ ਹਥਿਆਰਾਂ ਦੀ ਮਦਦ ਨਾਲ ਰੂਸੀ ਮਿਜ਼ਾਈਲਾਂ ਤੇ ਡਰੋਨਾਂ ਦਾ ਟਾਕਰਾ ਕਰ ਰਿਹਾ ਹੈ। ਖੇਰਸਾਨ ਖੇਤਰ ਵਿਚ ਸੋਮਵਾਰ ਸਵੇਰੇ ਕੀਤੀ ਗਈ ਗੋਲੀਬਾਰੀ ’ਚ ਪੰਜ ਜਣੇ ਜ਼ਖ਼ਮੀ ਵੀ ਹੋਏ ਹਨ। ਰੂਸ ਨੇ ਬੇਰੀਸਲਾਵ ਸ਼ਹਿਰ ਨੂੰ ਵੀ ਨਿਸ਼ਾਨਾ ਬਣਾਇਆ ਹੈ। ਯੂਕਰੇਨ ਦੀ ਏਅਰ ਫੋਰਸ ਕਮਾਂਡ ਮੁਤਾਬਕ ਇਰਾਨ ਦੇ ਬਣੇ 39 ਡਰੋਨ ਡੇਗੇ ਗਏ ਹਨ।