ਕੀਵ, 20 ਜੁਲਾਈ
ਰੂਸ ਵੱਲੋਂ ਰਾਤ ਵੇਲੇ ਕੀਤੇ ਹਵਾਈ ਹਮਲਿਆਂ ’ਚ ਯੂਕਰੇਨ ਦੀ ਇਕ ਬੰਦਰਗਾਹ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਰੂਸ ਨੇ ਮਿਜ਼ਾਈਲਾਂ ਤੇ ਡਰੋਨਾਂ ਨਾਲ ਹਮਲੇ ਕੀਤੇ ਹਨ। ਇਨ੍ਹਾਂ ਨਾਲ ਓਡੇਸਾ ਬੰਦਰਗਾਹ ’ਤੇ ਅਨਾਜ ਤੇ ਤੇਲ ਦੇ ਟਰਮੀਨਲ ਨੁਕਸਾਨੇ ਗਏ ਹਨ। ਹਮਲਿਆਂ ਵਿਚ ਕਰੀਬ 12 ਜਣੇ ਫੱਟੜ ਹੋਏ ਹਨ। ਜ਼ਿਕਰਯੋਗ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਪਹਿਲਾਂ ਹੀ ਇਸ ਬੰਦਰਗਾਹ ਨਾਲ ਸਬੰਧਤ ਅਨਾਜ ਦੀ ਸਪਲਾਈ ਬਾਰੇ ਹੋਇਆ ਸਮਝੌਤਾ ਤੋੜ ਚੁੱਕੇ ਹਨ। ਇਸ ਬੰਦਰਗਾਹ ਤੋਂ ਹੋਰਨਾਂ ਮੁਲਕਾਂ ਨੂੰ ਹੁੰਦੀ ਅਨਾਜ ਦੀ ਬਰਾਮਦ ਵਿਚ ਅੜਿੱਕਾ ਨਾ ਪਾਉਣ ਬਾਰੇ ਰੂਸ ਤੇ ਯੂਕਰੇਨ ਵਿਚਾਲੇ ਸਮਝੌਤਾ ਹੋਇਆ ਸੀ। ਹਮਲਿਆਂ ਕਾਰਨ ਹੁਣ ਵੱਖ-ਵੱਖ ਮੁਲਕਾਂ ਨੂੰ ਹੁੰਦੀ ਅਨਾਜ ਦੀ ਜ਼ਰੂਰੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ ਤੇ ਕਈ ਮੁਲਕਾਂ ਵਿਚ ਭੁੱਖਮਰੀ ਦਾ ਖ਼ਤਰਾ ਵਧ ਰਿਹਾ ਹੈ। ਇਸੇ ਦੌਰਾਨ ਕ੍ਰੀਮੀਆ ਵਿਚ ਮੌਜੂਦ ਰੂਸ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ 2200 ਤੋਂ ਵੱਧ ਲੋਕਾਂ ਨੂੰ ਪਿੰਡਾਂ ਵਿਚੋਂ ਕੱਢਿਆ ਗਿਆ ਹੈ। ਇੱਥੇ ਇਕ ਫ਼ੌਜੀ ਟਿਕਾਣੇ ਨੂੰ ਅੱਗ ਲੱਗ ਗਈ ਹੈ। ਜ਼ਿਕਰਯੋਗ ਹੈ ਕਿ ਕ੍ਰੀਮੀਆ ’ਤੇ ਰੂਸ ਦਾ ਕਬਜ਼ਾ ਹੈ। ਓਡੇਸਾ ’ਤੇ ਰੂਸ ਨੇ ਲਗਾਤਾਰ ਦੂਜੇ ਦਿਨ ਹੱਲਾ ਬੋਲਿਆ ਹੈ। ਰੂਸ ਵੱਲੋਂ ਦਾਗੀਆਂ ਮਿਜ਼ਾਈਲਾਂ ਤੇ ਡਰੋਨਾਂ ਦਾ ਮਲਬਾ ਕਈ ਰਿਹਾਇਸ਼ੀ ਇਮਾਰਤਾਂ, ਸਮੁੰਦਰ ਨੇੜਲੇ ਹੋਟਲਾਂ ਤੇ ਗੁਦਾਮਾਂ ਉਤੇ ਡਿੱਗਿਆ ਹੈ। ਯੂਕਰੇਨ ਨੇ ਕਈ ਮਿਜ਼ਾਈਲਾਂ ਤੇ ਡਰੋਨਾਂ ਨੂੰ ਡੇਗਣ ਦਾ ਦਾਅਵਾ ਕੀਤਾ ਹੈ।