ਕੀਵ/ਮਾਸਕੋ/ਵਾਸ਼ਿੰਗਟਨ, ਰੂਸ ਨੇ ਯੂਕਰੇਨ ਜੰਗ ਵਿਚ ਹੁਣ ਯੂਰੋਪ ਖ਼ਿਲਾਫ਼ ਨਵਾਂ ਪੈਂਤੜਾ ਅਪਣਾਇਆ ਹੈ। ਮਾਸਕੋ ਨੇ ‘ਨਾਟੋ’ ਮੈਂਬਰਾਂ- ਪੋਲੈਂਡ ਤੇ ਬੁਲਗਾਰੀਆ ਨੂੰ ਗੈਸ ਦੇਣੀ ਬੰਦ ਕਰ ਦਿੱਤੀ ਹੈ। ਇਸ ਜੰਗ ਦਾ ਦਾਇਰਾ ਹੁਣ ਵੱਡਾ ਹੁੰਦਾ ਜਾ ਰਿਹਾ ਹੈ ਤੇ ਰੂਸ ਹੌਲੀ-ਹੌਲੀ ਪੱਛਮ ਨਾਲ ਸਿੱਧੇ ਟਕਰਾਅ ਦੀ ਸਥਿਤੀ ਵਿਚ ਆ ਰਿਹਾ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਆਪਣੀ ਸੰਸਦ ਨੂੰ ਕਿਹਾ ਕਿ ਯੂਕਰੇਨ ਵਿਚ ਦੇਸ਼ ਦੀ ਫ਼ੌਜ ਆਪਣਾ ਟੀਚਾ ਪੂਰਾ ਕਰੇਗੀ। ਉਨ੍ਹਾਂ ਸੰਸਦ ਵਿਚ ਡੋਨਬਾਸ ਖੇਤਰ ਦਾ ਵੀ ਜ਼ਿਕਰ ਕੀਤਾ।
ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਯੂਕਰੇਨ ਦੇ ਪੱਛਮੀ ਸਾਥੀਆਂ (ਅਮਰੀਕਾ ਤੇ ਹੋਰ) ਨੇ ਇਸ ਨੂੰ ਹੋਰ ਤੇ ਬਿਹਤਰ ਹਥਿਆਰ ਸਪਲਾਈ ਕਰਨ ਦਾ ਫ਼ੈਸਲਾ ਕੀਤਾ ਸੀ। ਅਮਰੀਕਾ ਨੇ ਅੱਜ ਆਪਣੇ ਬਾਕੀ ਸਾਥੀ ਮੁਲਕਾਂ ਨੂੰ ਅਪੀਲ ਕੀਤੀ ਹੈ ਕਿ ਯੂਕਰੇਨ ਨੂੰ ਹਥਿਆਰਾਂ ਦੀ ਕਮੀ ਨਾ ਆਉਣ ਦਿੱਤੀ ਜਾਵੇ ਕਿਉਂਕਿ ਰੂਸ ਯੂਕਰੇਨ ਦੇ ਪੂਰਬੀ ਤੇ ਦੱਖਣੀ ਹਿੱਸਿਆਂ ’ਤੇ ਜ਼ੋਰਦਾਰ ਬੰਬਾਰੀ ਕਰ ਰਿਹਾ ਹੈ। ਹੁਣ ਨਵਾਂ ਡਰ ਜਤਾਇਆ ਜਾ ਰਿਹਾ ਹੈ ਕਿ ਜੰਗ ਯੂਕਰੇਨ ਦੀਆਂ ਸਰਹੱਦਾਂ ਵੱਲ ਫੈਲ ਸਕਦੀ ਹੈ। ਮੋਲਡੋਵਾ ਦੇ ਇਕ ਵੱਖਵਾਦੀ ਖੇਤਰ ਵਿਚ ਦੂਜੇ ਦਿਨ ਲਗਾਤਾਰ ਧਮਾਕੇ ਸੁਣੇ ਗਏ ਹਨ। ਰੂਸ ਨੇ ਹੱਲਾ ਤੇਜ਼ ਕਰ ਦਿੱਤਾ ਹੈ ਤੇ ਬਾਕੀ ਯੂਰੋਪੀ ਮੁਲਕਾਂ ਨੂੰ ਵੀ ਗੈਸ ਸਪਲਾਈ ਰੋਕਣ ਦੀ ਚਿਤਾਵਨੀ ਦਿੱਤੀ ਹੈ। ਰੂਸ ਦੀ ਸਰਕਾਰੀ ਕੰਪਨੀ ‘ਗੈਜ਼ਪ੍ਰੋਮ’ ਨੇ ਇਕ ਨੋਟਿਸ ਜਾਰੀ ਕਰ ਕੇ ਗੈਸ ਸਪਲਾਈ ਬੰਦ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅਦਾਇਗੀ ਰੂਸੀ ਕਰੰਸੀ ਰੂਬਲ ਵਿਚ ਕਰਨ ਲਈ ਕਿਹਾ ਸੀ ਪਰ ਇਨ੍ਹਾਂ ਮੁਲਕਾਂ ਨੇ ਨਾਂਹ ਕਰ ਦਿੱਤੀ। ਗੈਸ ਕੱਟ ਦਾ ਹਾਲਾਂਕਿ ਫੌਰੀ ਤੌਰ ’ਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਇਹ ਮੁਲਕ ਕਈ ਸਾਲਾਂ ਤੋਂ ਬਦਲਵੇਂ ਸਰੋਤਾਂ ਉਤੇ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਯੂਰੋਪੀ ਮਹਾਦੀਪ ਹੁਣ ਗਰਮੀਆਂ ਦੀ ਰੁੱਤ ਵਿਚ ਦਾਖਲ ਹੋ ਰਿਹਾ ਹੈ। ਯੂਰੋਪੀਅਨ ਯੂਨੀਅਨ ਨੇ ਇਸ ਕਦਮ ਦੇ ਅਸਰਾਂ ਨੂੰ ਘਟਾਉਣ ਲਈ ਇਕ ਵਿਸ਼ੇਸ਼ ਤਾਲਮੇਲ ਗਰੁੱਪ ਬਣਾ ਦਿੱਤਾ ਹੈ। ਰੂਸ ਦੇ ਤਰਜਮਾਨ ਦਮਿਤਰੀ ਪੇਸਕੋਵ ਨੇ ਕਿਹਾ ਕਿ ਜੇ ਦੂਜੇ ਯੂਰੋਪੀ ਮੁਲਕਾਂ ਨੇ ਰੂਬਲ ਵਿਚ ਅਦਾਇਗੀ ਨਾ ਕੀਤੀ ਤਾਂ ਉਨ੍ਹਾਂ ਦੀ ਸਪਲਾਈ ਵੀ ਕੱਟ ਦਿੱਤੀ ਜਾਵੇਗੀ। ਇਸੇ ਦੌਰਾਨ ਯੂਕਰੇਨ ਵਿਚ ਜੰਗ ਵੀ ਜ਼ੋਰ ਫੜ ਰਹੀ ਹੈ। ਰੂਸੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀਆਂ ਮਿਜ਼ਾਈਲਾਂ ਨੇ ਅਮਰੀਕਾ ਤੇ ਯੂਰੋਪ ਤੋਂ ਯੂਕਰੇਨ ਆਏ ਹਥਿਆਰਾਂ ਨੂੰ ਤਬਾਹ ਕੀਤਾ ਹੈ। ਰੂਸੀ ਮਿਜ਼ਾਈਲ ਨੇ ਇਕ ਰਣਨੀਤਕ ਰੇਲਵੇ ਪੁਲ ਤੋੜ ਦਿੱਤਾ ਹੈ ਜੋ ਕਿ ਯੂਕਰੇਨ ਦੀ ਓਡੇਸਾ ਬੰਦਰਗਾਹ ਨੂੰ ਰੋਮਾਨੀਆ ਨਾਲ ਜੋੜਦਾ ਹੈ। ਬੈੱਲਗੋਰੋਡ ਖਿੱਤੇ ਦੇ ਇਕ ਹਥਿਆਰਾਂ ਦੇ ਡਿਪੂ ਵਿਚ ਕਈ ਧਮਾਕੇ ਸੁਣੇ ਗਏ ਹਨ। ਮਾਰਿਓਪੋਲ ਵਿਚ ਰੂਸ ਇਕ ਸਟੀਲ ਪਲਾਂਟ ਨੂੰ ਲਗਾਤਾਰ ਨਿਸ਼ਾਨਾ ਬਣਾ ਰਿਹਾ ਹੈ। ਰੂਸ ਨੇ ਖਾਰਕੀਵ ਉਤੇ ਵੀ ਬੰਬਾਰੀ ਕੀਤੀ ਹੈ। -ਏਪੀ
ਯੂਰੋਪੀ ਆਗੂਆਂ ਵੱਲੋਂ ਰੂਸ ਦਾ ਕਦਮ ‘ਬਲੈਕਮੇਲ’ ਕਰਾਰ
ਯੂਰੋਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੌਨ ਡੇਰ ਲੇਨ ਨੇ ਰੂਸ ਦੇ ਇਸ ਕਦਮ ਨੂੰ ਗੈਸ ਦੇ ਨਾਂ ’ਤੇ ‘ਬਲੈਕਮੇਲਿੰਗ’ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੋਲੈਂਡ, ਯੂਕਰੇਨ ਤੱਕ ਹਥਿਆਰ ਪਹੁੰਚਾਉਣ ਦਾ ਵੱਡਾ ਜ਼ਰੀਆ ਹੈ। ਇਸ ਨੇ ਯੂਕਰੇਨ ਨੂੰ ਟੈਂਕ ਵੀ ਭੇਜੇ ਹਨ। ਪੋਲੈਂਡ ਨੇ ਕਿਹਾ ਕਿ ਉਹ ਰੂਸ ਦੀ ਚੁਣੌਤੀ ਨਾਲ ਨਜਿੱਠਣ ਲਈ ਤਿਆਰ ਹਨ ਤੇ ਗੈਸ ਦਾ ਕਾਫ਼ੀ ਭੰਡਾਰ ਮੌਜੂਦ ਹੈ। ਬੁਲਗਾਰੀਆ ਆਪਣੀ 90 ਪ੍ਰਤੀਸ਼ਤ ਗੈਸ ਰੂਸ ਤੋਂ ਲੈਂਦਾ ਹੈ ਤੇ ਹੁਣ ਅਜ਼ਰਬਾਇਜਾਨ ਤੋਂ ਗੈਸ ਲੈਣ ਉਤੇ ਵਿਚਾਰ ਕਰ ਰਿਹਾ ਹੈ।
ਮਾਰੀਓਪੋਲ ਸਟੀਲ ਪਲਾਂਟ ’ਚੋਂ ਲੋਕਾਂ ਨੂੰ ਲਾਂਘਾ ਦੇਣ ਲਈ ਸਹਿਮਤੀ ਬਣੀ
ਸੰਯੁਕਤ ਰਾਸ਼ਟਰ:
ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਅੰਤੋਨੀਓ ਗੁਟੇਰੇਜ਼ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ ਕੀਤੀ ਹੈ। ਇਸ ਮੌਕੇ ਦੋਵੇਂ ਆਗੂ ਜੰਗ ਵਾਲੇ ਖੇਤਰਾਂ ’ਚੋਂ ਲੋਕਾਂ ਨੂੰ ਸੁਰੱਖਿਅਤ ਲਾਂਘਾ ਦੇਣ ਲਈ ਸਹਿਮਤ ਹੋਏ ਹਨ। ਜ਼ਿਕਰਯੋਗ ਹੈ ਕਿ ਮਾਰੀਓਪੋਲ ਦੇ ਇਕ ਸਟੀਲ ਪਲਾਂਟ ਵਿਚ ਹਜ਼ਾਰ ਨਾਗਰਿਕਾਂ ਨੇ ਸ਼ਰਨ ਲਈ ਹੋਈ ਹੈ। ਇਸ ਪਲਾਂਟ ਲਈ ਰੂਸੀ ਤੇ ਯੂਕਰੇਨੀ ਫ਼ੌਜ ਭਿੜ ਰਹੀ ਹੈ। ਰੈੱਡ ਕਰਾਸ ਦੀ ਕੌਮਾਂਤਰੀ ਕਮੇਟੀ ਇੱਥੋਂ ਲੋਕਾਂ ਨੂੰ ਕੱਢਣ ਦਾ ਜ਼ਿੰਮਾ ਲਵੇਗੀ।