ਕੀਵ, 8 ਜੂਨ

ਰੂਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਪੂਰਬੀ ਯੂਕਰੇਨ ਦੇ ਵੱਡੇ ਹਿੱਸੇ ਉਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਵੱਲੋਂ ਇਲਾਕੇ ਵਿਚ ਹੋਰ ਫ਼ੌਜ ਵੀ ਤਾਇਨਾਤ ਕੀਤੀ ਜਾ ਰਹੀ ਹੈ। ਰੂਸ ਦੇ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੇ ਕਿਹਾ ਕਿ ਮਾਸਕੋ ਨੇ ਲੁਹਾਂਸਕ ਖੇਤਰ ਦੇ 97 ਪ੍ਰਤੀਸ਼ਤ ਹਿੱਸੇ ਨੂੰ ‘ਆਜ਼ਾਦ’ ਕਰਵਾ ਲਿਆ ਹੈ। ਜ਼ਿਕਰਯੋਗ ਹੈ ਕਿ ਰੂਸ ਨੇ ਡੋਨਬਾਸ ਖੇਤਰ ਉਤੇ ਕਬਜ਼ਾ ਕਰਨ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ। ਇੱਥੇ ਵੱਡੀ ਗਿਣਤੀ ਰੂਸ ਪੱਖੀ ਵੱਖਵਾਦੀਆਂ ਦੀ ਵੀ ਹੈ। ਲੁਹਾਂਸਕ ਤੇ ਦੋਨੇਤਸਕ ਦੇ ਇਲਾਕੇ ਵੀ ਇਸੇ ਦਾ ਹਿੱਸਾ ਹਨ। ਹਾਲਾਂਕਿ ਯੂਕਰੇਨੀ ਸੈਨਿਕ ਵੀ ਰੂਸ ਨੂੰ ਪੂਰੀ ਟੱਕਰ ਦੇ ਰਹੇ ਹਨ। ਇਸੇ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਅੱਜ ਕਿਹਾ ਕਿ ਰੂਸ ਵੱਲੋਂ ਕਬਜ਼ੇ ਵਿਚ ਲਏ ਹਰ ਖੇਤਰ ਨੂੰ ਮੁੜ ਹਾਸਲ ਕਰਨ ਲਈ ਉਹ ਲੜਦੇ ਰਹਿਣਗੇ। ਜ਼ਿਕਰਯੋਗ ਹੈ ਕਿ ਜੰਗ ਵਿਚ ਦੋਵਾਂ ਧਿਰਾਂ ਦੇ ਵੱਡੀ ਗਿਣਤੀ ਸੈਨਿਕ ਮਾਰੇ ਗਏ ਹਨ। ਬਰਤਾਨੀਆ ਦੇ ਅਖ਼ਬਾਰ ‘ਫਾਇਨੈਂਸ਼ੀਅਲ ਟਾਈਮਜ਼’ ਨਾਲ ਗੱਲਬਾਤ ਕਰਦਿਆਂ ਜ਼ੇਲੈਂਸਕੀ ਨੇ ਕਿਹਾ ਕਿ ਰੁਕਣਾ ਕੋਈ ਬਦਲ ਨਹੀਂ ਹੈ ਤੇ ਅਸੀਂ ਆਪਣੇ ਇਲਾਕੇ ਮੁੜ ਹਾਸਲ ਕਰਨ ਲਈ ਲੜਾਂਗੇ। ਜੰਗ ਹੁਣ ਚੌਥੇ ਮਹੀਨੇ ਵਿਚ ਦਾਖਲ ਹੋ ਚੁੱਕੀ ਹੈ। ਇਸੇ ਦੌਰਾਨ ਰੂਸ ਦੀ ਸੰਸਦ ਨੇ ਕੁਝ ਕਾਨੂੰਨ ਪਾਸ ਕਰ ਕੇ ਯੂਰਪੀ ਯੂਨੀਅਨ ਦੀ ਮਨੁੱਖੀ ਅਧਿਕਾਰ ਅਦਾਲਤ ਦੇ ਫ਼ੈਸਲਿਆਂ ਤੋਂ ਖ਼ੁਦ ਨੂੰ ਵੱਖ ਕਰ ਲਿਆ ਹੈ ਤੇ ਇਨ੍ਹਾਂ ਨੂੰ ਨਾ ਮੰਨਣ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਮਨੁੱਖੀ ਹੱਕਾਂ ਦੇ ਮੁੱਦਿਆਂ ਉਤੇ ਰੂਸ ਦੀਆਂ ਅਦਾਲਤਾਂ ’ਚ ਇਨਸਾਫ਼ ਨਾ ਮਿਲਣ ’ਤੇ ਵੱਡੀ ਗਿਣਤੀ ਰੂਸੀ ਇਸ ਯੂਰਪੀ ਅਦਾਲਤ   ਦਾ ਰੁਖ਼ ਕਰਦੇ ਰਹੇ ਹਨ। ਇਕ   ਇੰਟਰਵਿਊ ਵਿਚ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਕਿਹਾ ਹੈ ਕਿ ਮਾਸਕੋ ਨੂੰ ‘ਜ਼ਲੀਲ’ ਕਰਨਾ ਹੀ ਮਹੱਤਵਪੂਰਨ ਨਹੀਂ ਹੈ। ਉਨ੍ਹਾਂ ਦੀ ਇਸ ਟਿੱਪਣੀ ਨੂੰ ਯੂਕਰੇਨ ’ਚ ਰੂਸ ਦੀਆਂ ਕੁਝ ਮੰਗਾਂ ਮੰਨ ਲਏ ਜਾਣ ਦੇ ਸੰਦਰਭ ’ਚ ਦੇਖਿਆ ਜਾ ਰਿਹਾ ਹੈ। ਮੈਕਰੋਂ ਦੀ ਟਿੱਪਣੀ ’ਤੇ ਜ਼ੇਲੈਂਸਕੀ ਨੇ ਕਿਹਾ ਕਿ ਅਸੀਂ ਕਿਸੇ ਨੂੰ ਜ਼ਲੀਲ ਨਹੀਂ ਕਰ ਰਹੇ।