ਮਾਸਕੋ, 30 ਨਵੰਬਰ
ਫਰਾਂਸ ਦੇ ਵਿਗਿਆਨੀਆਂ ਨੇ ਰੂਸ ਵਿੱਚ ਜੰਮੀ ਹੋਈ ਝੀਲ ਦੇ ਹੇਠ ਹੁਣ ਤੱਕ ਦੱਬੇ ਰਹੇ 48,500 ਸਾਲ ਪੁਰਾਣੇ ਜ਼ੌਂਬੀ ਵਾਇਰਸ ਨੂੰ ਕਥਿਤ ਤੌਰ ’ਤੇ ਮੁੜ ਸੁਰਜੀਤ ਕੀਤਾ ਹੈ। ਨਿਊਯਾਰਕ ਪੋਸਟ ਮੁਤਾਬਕ, ਜ਼ੌਂਬੀ ਵਾਇਰਸ ਦੇ ਮੁੜ ਸੁਰਜੀਤ ਹੋਣ ਮਗਰੋਂ ਫਰਾਂਸ ਦੇ ਵਿਗਿਆਨੀਆਂ ਨੂੰ ਇੱਕ ਹੋਰ ਮਹਾਮਾਰੀ ਫੈਲਣ ਦਾ ਖ਼ਦਸ਼ਾ ਖੜ੍ਹਾ ਹੋ ਗਿਆ ਹੈ। ਨਿਊਯਾਰਕ ਸਿਟੀ ਤੋਂ ਛਪਦੇ ਅਖ਼ਬਾਰ ਨੇ ਇੱਕ ਵਾਇਰਲ ਅਧਿਐਨ ਦਾ ਹਵਾਲਾ ਦਿੱਤਾ ਹੈ, ਜਿਸ ਦਾ ਹਾਲੇ ਮੁਲਾਂਕਣ ਕੀਤਾ ਜਾਣਾ ਹੈ। ‘ਵਾਇਰਲ’ ਅਧਿਐਨ ਵਿੱਚ ਕਿਹਾ ਗਿਆ ਹੈ, ‘‘ਪ੍ਰਾਚੀਨ ਅਣਪਛਾਤੇ ਵਾਇਰਸ ਦੇ ਮੁੜ ਸੁਰਜੀਤ ਹੋਣ ਮਗਰੋਂ ਪੌਦਿਆਂ, ਜਾਨਵਰਾਂ ਜਾਂ ਮਨੁੱਖਾਂ ਵਿੱਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਕਾਰਨ ਸਥਿਤ ਬਹੁਤ ਜ਼ਿਆਦਾ ਤਬਾਹਕੁਨ ਹੋ ਜਾਵੇਗੀ।’’ ਸਭ ਤੋਂ ਵੱਧ (48,500 ਸਾਲ) ਪੁਰਾਣਾ ਪੰਡੋਰਾਵਾਇਰਸ ਯੈਡੋਮਾ ਮੁੜ ਸੁਰਜੀਤ ਹੋਣ ਮਗਰੋਂ ਹੋਰਨਾ ਜੀਵ-ਜੰਤੂਆਂ ਵਿੱਚ ਫੈਲ ਸਕਦਾ ਹੈ। ਇਹ ਵਾਇਰਸ ਲੱਭਣ ਵਾਲੇ ਵਿਗਿਆਨੀਆਂ ਨੇ ਇਸ ਤੋਂ ਪਹਿਲਾਂ ਸਾਲ 2013 ਵਿੱਚ ਸਾਇਬੇਰੀਆ ਵਿੱਚ 30,000 ਸਾਲ ਪੁਰਾਣਾ ਵਾਇਰਸ ਲੱਭਿਆ ਸੀ।