ਟੇਲਿਨ (ਅਸਤੋਨੀਆ), 2 ਅਗਸਤ
ਰੂਸ ਦੇ ਅਧਿਕਾਰੀਆਂ ਨੇ ਅੱਜ ਮਾਸਕੋ ਤੇ ਇਸ ਦੇ ਨੇੜੇ-ਤੇੜੇ ਡਰੋਨ ਨਾਲ ਕੀਤੇ ਗਏ ਡਰੋਨ ਹਮਲੇ ਪਿੱਛੇ ਕੀਵ ਦਾ ਹੱਥ ਹੋਣ ਦਾ ਦੋਸ਼ ਲਾਇਆ ਹੈ। ਜ਼ਿਕਰਯੋਗ ਹੈ ਕਿ ਰਾਜਧਾਨੀ ਵਿੱਚ ਡਰੋਨ ਹਮਲੇ ਨਾਲ ਇਕ ਇਮਾਰਤ ਨੂੰ ਨਿਸ਼ਾਨਾ ਬਣਾਇਆ ਗਿਆ। ਪਿਛਲੇ ਐਤਵਾਰ ਵੀ ਅਜਿਹਾ ਹੀ ਹਮਲਾ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ।
ਰੂਸੀ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਰਾਜਧਾਨੀ ਖੇਤਰ ਵਿੱਚ ਅਜਿਹੇ ਹਮਲੇ ਯੂਕਰੇਨ ਦੇ ਜਵਾਬੀ ਹਮਲਿਆਂ ਵਿਚਲੀ ਨਾਕਾਮੀ ਨੂੰ ਜ਼ਾਹਰ ਕਰਦੇ ਹਨ ਜਦੋਂ ਕਿ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜੈਲੇਂਸਕੀ ਨੇ ਕਿਹਾ,‘ਜੰਗ ਦਾ ਅਸਰ ਹੌਲੀ ਹੌਲੀ ਰੂਸੀ ਖੇਤਰ ਵਿੱਚ ਮੁੜ ਦਿਖ ਰਿਹਾ ਹੈ’ ਪਰ ਉਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਸੀ। ਰੂਸੀ ਰੱਖਿਆ ਮੰਤਰਾਲੇ ਨੇ ਮੰਗਲਵਾਰ ਸਵੇਰੇ ਕਿਹਾ ਕਿ ਮਾਸਕੋ ਦੇ ਬਾਹਰ ਦੋ ਯੂਕਰੇਨੀ ਡਰੋਨਾਂ ਨੂੰ ਡੇਗ ਦਿੱਤਾ ਗਿਆ ਅਤੇ ਇਕ ਹੋਰ ਨੂੰ ਜਾਮ ਕਰ ਦਿੱਤਾ ਗਿਆ। ਜਾਮ ਹੋਣ ਕਾਰਨ ਇਹ ਮਾਸਕੋ ਸ਼ਹਿਰ ਵਿੱਚ ਇਮਾਰਤ ਨਾਲ ਟਕਰਾ ਗਿਆ ਜਿਸ ਨਾਲ ਇਮਾਰਤ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ।
ਮਾਸਕੋ ਦੇ ਮੇਅਰ ਸਰਗੇਈ ਸੋਬਯਾਨਿਨ ਨੇ ਦੱਸਿਆ ਕਿ ਡਰੋਨ ਉਸੇ ਇਮਾਰਤ ਨਾਲ ਟਕਰਾਇਆ ਜੋ ਐਤਵਾਰ ਤੜਕੇ ਇਸ ਤਰ੍ਹਾਂ ਦੇ ਹਮਲੇ ਵਿੱਚ ਨੁਕਸਾਨੀ ਗਈ ਸੀ। ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਹੋਏ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਇਕ ਹੀ ਇਮਾਰਤ ਵਿੱਚ ਲਗਾਤਾਰ ਦੋ ਵਾਰ ਹਮਲਾ ਕਿਉਂ ਕੀਤਾ ਗਿਆ। ਦੋਵਾਂ ਘਟਨਾਵਾਂ ਬਾਰੇ ਰੂਸੀ ਫੌਜ ਨੇ ਕਿਹਾ ਕਿ ਇਮਾਰਤ ਨਾਲ ਟਕਰਾਉਣ ਵਾਲੇ ਡਰੋਨ ਨੂੰ ਹਮਲੇ ਤੋਂ ਪਹਿਲਾਂ ਹੀ ਜਾਮ ਕਰ ਦਿੱਤਾ ਗਿਆ ਸੀ।