ਨਵੀਂ ਦਿੱਲੀ, 6 ਦਸੰਬਰ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅੱਜ ਦਿੱਲੀ ਹਵਾਈ ਅੱਡੇ ਤੋਂ ਹੈਦਰਾਬਾਦ ਹਾਊਸ ਪੁੱਜੇ ਜਿਥੇ ਉਨ੍ਹਾਂ ਦਾ ਸਵਾਗਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ। ਇਨ੍ਹਾਂ ਦੋਵਾਂ ਆਗੂਆਂ ਦਰਮਿਆਨ ਗੱਲਬਾਤ ਸ਼ੁਰੂ ਹੋ ਚੁੱਕੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਭਾਰਤ ਨੂੰ ਮਹਾਨ ਸ਼ਕਤੀ ਤੇ ਸਮੇਂ ’ਤੇ ਕੰਮ ਆਉਣ ਵਾਲਾ ਮਿੱਤਰ ਦੇਸ਼ ਦੱਸਿਆ। ਉਨ੍ਹਾਂ ਅਤਿਵਾਦ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਭਾਰਤ ਅਤੇ ਰੂਸ ਇਨ੍ਹਾਂ ਚੁਣੌਤੀਆਂ ਨੂੰ ਦੂਰ ਕਰਨ ਲਈ ਤਾਲਮੇਲ ਤੇ ਸਹਿਯੋਗ ਕਰਨਾ ਜਾਰੀ ਰੱਖਣਗੇ। ਉਨ੍ਹਾਂ ਅਫਗਾਨਿਸਤਾਨ ਦੇ ਵਿਕਾਸ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਵਾਤਾਵਰਨ, ਵਪਾਰ, ਨਿਵੇਸ਼ ਅਤੇ ਉੱਚ ਤਕਨਾਲੋਜੀ ਦੇ ਖੇਤਰਾਂ ਵਿੱਚ ਭਾਰਤ ਅਤੇ ਰੂਸ ਦਰਮਿਆਨ ਵਧ ਰਹੇ ਸਹਿਯੋਗ ਦਾ ਵੀ ਜ਼ਿਕਰ ਕੀਤਾ।