ਕੀਵ, 14 ਜੂਨ
ਰੂਘੱਸੀ ਸੈਨਾ ਨੇ ਦੱਖਣੀ ਯੂਕਰੇਨ ਦੇ ਸ਼ਹਿਰ ਓਡੇਸਾ ’ਚ ਅੱਜ ਤੜਕੇ ਕਰੂਜ਼ ਮਿਜ਼ਾਈਲਾਂ ਦਾਗੀਆਂ ਤੇ ਪੂਰਬੀ ਦੋਨੇਤਸਕ ਖੇਤਰ ’ਚ ਗੋਲਾਬਾਰੀ ਕੀਤੀ ਜਿਸ ਵਿੱਚ ਟੋ-ਘੱਟ ਛੇ ਵਿਅਕਤੀਆਂ ਦੀ ਮੌਤ ਹੋ ਗਈ ਤੇ ਦਰਜਨਾਂ ਮਕਾਨ ਨੁਕਸਾਨੇ ਗਏ।
ਇਹ ਜਾਣਕਾਰੀ ਯੂਕਰੇਨ ਦੇ ਖੇਤਰੀ ਅਧਿਕਾਰੀਆਂ ਨੇ ਦਿੱਤੀ। ਯੂਕਰੇਨ ਦੀ ਸੈਨਾ ਦੇ ਬੁਲਾਰੇ ਨੇ ਦੱਸਿਆ ਕਿ ਦੇਸ਼ ਦੇ ਸੈਨਿਕਾਂ ਦੀ ਮੁੱਢਲੀ ਜਵਾਬੀ ਕਾਰਵਾਈ ’ਚ ਥੋੜ੍ਹੀ ਕਾਮਯਾਬੀ ਮਿਲਣ ਮਗਰੋਂ ਰੂਸ ਨੇ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ। ਦੂਜੇ ਪਾਸੇ ਯੂਕਰੇਨ ਦੇ ਹਥਿਆਰਬੰਦ ਦਸਤਿਆਂ ਨੇ ਰੂਸੀ ਕੰਟਰੋਲ ਹੇਠਲੇ ਯੂਕਰੇਨ ਦੇ ਤਕਰੀਬਨ 1/5 ਹਿੱਸੇ ਨੂੰ ਵਾਪਸ ਲੈਣ ਲਈ ਜਵਾਬੀ ਕਾਰਵਾਈ ਦੇ ਸ਼ੁਰੂਆਤੀ ਗੇੜਾਂ ’ਚ ਸੀਮਤ ਕਾਮਯਾਬੀ ਮਿਲਣ ਦੀ ਸੂਚਨਾ ਦਿੱਤੀ ਹੈ। ਓਡੇਸਾ ਦੇ ਖੇਤਰੀ ਪ੍ਰਸ਼ਾਸਨ ਨੇ ਫੇਸਬੁੱਕ ’ਤੇ ਦੱਸਿਆ ਕਿ ਓਡੇਸਾ ’ਤੇ ਹੋਏ ਹਮਲੇ ’ਚ ਖੁਰਾਕ ਸਮੱਗਰੀ ਦੇ ਇੱਕ ਗੁਦਾਮ ਦੇ ਤਿੰਨ ਮੁਲਾਜ਼ਮ ਮਾਰੇ ਗਏ ਹਨ ਤੇ 13 ਹੋਰ ਜ਼ਖ਼ਮੀ ਹੋਏ ਹਨ। ਇਸੇ ਦੇ ਨਾਲ ਹੀ ਸ਼ਹਿਰ ਦੇ ਮੁੱਖ ਹਿੱਸੇ ’ਚ ਮਕਾਨ, ਦੁਕਾਨਾਂ ਤੇ ਕੈਫੇ ਵੀ ਨੁਕਸਾਨੇ ਗਏ ਹਨ।
ਦੂਜੇ ਪਾਸੇ ਪੂਰਬੀ ਯੂਕਰੇਨ ’ਚ ਦੋਨੇਤਸਕ ਸੂਬੇ ਦੇ ਗਵਰਨਰ ਪਾਬਲੋ ਕਿਰੀਲੈਂਕੋ ਨੇ ਟੈਲੀਗ੍ਰਾਮ ’ਤੇ ਲਿਖਿਆ ਕਿ ਗੋਲਾਬਾਰੀ ’ਚ ਘੱਟ ਤੋਂ ਘੱਟ ਤਿੰਨ ਜਣਿਆਂ ਦੀ ਮੌਤ ਹੋ ਗਈ। ਇਸ ਹਮਲੇ ’ਚ ਸੱਤ ਮਕਾਨ ਤਬਾਹ ਹੋਏ ਹਨ।