ਵਿਏਨਾ, 3 ਜਨਵਰੀ

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਰੂਸ ਤੇ ਯੂਕਰੇਨ ਦਰਮਿਆਨ ਚੱਲ ਰਹੀ ਜੰਗ ’ਤੇ ਚਿੰਤਾ ਜ਼ਾਹਿਰ ਕਰਦਿਆਂ ਦੋਵਾਂ ਮੁਲਕਾਂ ਨੂੰ ਸੰਵਾਦ ਦੇ ਰਾਹ ਪੈਣ ਤੇ ਗੱਲਬਾਤ ਰਾਹੀਂ ਮਸਲੇ ਦਾ ਹੱਲ ਕੱਢਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਪਾਕਿਸਤਾਨ ਨੂੰ ਨਿਸ਼ਾਨੇ ’ਤੇ ਲਿਆ ਤੇ ਕਿਹਾ ਕਿ ਅਤਿਵਾਦ ਦੇ ਅਸਰ ਕਿਸੇ ਇਕ ਖੇਤਰ ਤੱਕ ਹੀ ਸੀਮਤ ਨਹੀਂ ਰਹਿ ਸਕਦੇ।

ਇੱਥੇ ਆਸਟਰੀਆ ਦੇ ਵਿਦੇਸ਼ ਮੰਤਰੀ ਐਲਗ਼ਜ਼ੈਂਡਰ ਸ਼ਾਲਨਬਰਗ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਉਨ੍ਹਾਂ ਦੋਵਾਂ ਦਰਮਿਆਨ ਵੱਖ-ਵੱਖ ਖੇਤਰੀ ਤੇ ਆਲਮੀ ਮੁੱਦਿਆਂ ਉਤੇ ਉਸਾਰੂ ਤੇ ਵਿਆਪਕ ਗੱਲਬਾਤ ਹੋਈ ਹੈ। ਸਾਈਪ੍ਰਸ ਤੋਂ ਆਸਟਰੀਆ ਪੁੱਜੇ ਜੈਸ਼ੰਕਰ ਨੇ ਯੂਕਰੇਨ ’ਚ ਜਾਰੀ ਸੰਘਰਸ਼ ਉਤੇ ‘ਗਹਿਰੀ ਚਿੰਤਾ’ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਸ਼ਾਂਤੀ ਦਾ ਹਾਮੀ ਹੈ ਤੇ ਜੰਗ ਦੀ ਸ਼ੁਰੂਆਤ ਤੋਂ ਹੀ ਨਵੀਂ ਦਿੱਲੀ ਦੀ ਇਹ ਕੋਸ਼ਿਸ਼ ਰਹੀ ਹੈ ਕਿ ਮਾਸਕੋ ਅਤੇ ਕੀਵ ਕੂਟਨੀਤੀ ਤੇ ਸੰਵਾਦ ਵੱਲ ਪਰਤਣ ਕਿਉਂਕਿ ਵਖ਼ਰੇਵਿਆਂ ਨੂੰ ਹਿੰਸਾ ਨਾਲ ਹੱਲ ਨਹੀਂ ਕੀਤਾ ਜਾ ਸਕਦਾ। ਆਸਟਰੀਆ ਤੇ ਸਾਈਪ੍ਰਸ ਦੇ ਦੌਰੇ ਉਤੇ ਆਏ ਵਿਦੇਸ਼ ਮੰਤਰੀ ਨੇ ਐਤਵਾਰ ਸ਼ਾਮ ਇੱਥੇ ਪਰਵਾਸੀ ਭਾਰਤੀਆਂ ਨਾਲ ਮੁਲਾਕਾਤ ਕਰਦਿਆਂ ਇਹ ਟਿੱਪਣੀਆਂ ਕੀਤੀਆਂ। ਜੈਸ਼ੰਕਰ ਨੇ ਇਸ ਮੌਕੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਤੰਬਰ ਵਿਚ ਐਲਾਨ ਕੀਤਾ ਸੀ ਕਿ ਭਾਰਤ ਅਸਲ ਵਿਚ ਮੰਨਦਾ ਹੈ ਕਿ ਇਹ ਜੰਗ ਲੜਨ ਦਾ ਯੁੱਗ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਖ਼ੁਦ ਰਾਸ਼ਟਰਪਤੀ ਪੂਤਿਨ (ਰੂਸ) ਤੇ ਜ਼ੇਲੈਂਸਕੀ (ਯੂਕਰੇਨ) ਨਾਲ ਕਈ ਮੌਕਿਆਂ ਉਤੇ ਗੱਲ ਕੀਤੀ ਹੈ। ਭਾਰਤ ਨੇ ਦੋਵਾਂ ਦੇਸ਼ਾਂ ਨੂੰ ਵਾਰ-ਵਾਰ ਸੰਵਾਦ-ਕੂਟਨੀਤੀ ਦੇ ਰਾਹ ਉਤੇ ਪਰਤਣ ਤੇ ਟਕਰਾਅ ਖ਼ਤਮ ਕਰਨ ਦਾ ਸੱਦਾ ਦਿੱਤਾ ਹੈ। ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਵੀ ਆਪਣੇ ਯੂਕਰੇਨ ਤੇ ਰੂਸ ਦੇ ਸਹਿਯੋਗੀਆਂ ਨਾਲ ਇਸ ਬਾਰੇ ਗੱਲਬਾਤ ਕੀਤੀ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਹਾਲੇ ਤੱਕ ਯੂਕਰੇਨ ’ਤੇ ਰੂਸੀ ਹਮਲੇ ਦੀ ਆਲੋਚਨਾ ਨਹੀਂ ਕੀਤੀ ਹੈ ਤੇ ਇਹ ਕਹਿੰਦਾ ਰਿਹਾ ਹੈ ਕਿ ਸੰਕਟ ਨੂੰ ਗੱਲਬਾਤ ਦੇ ਮਾਧਿਅਮ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ। ਜੈਸ਼ੰਕਰ ਨੇ ਪਰਵਾਸੀ ਭਾਰਤੀਆਂ ਨੂੰ ਇਹ ਵੀ ਦੱਸਿਆ ਕਿ ਭਾਰਤ ਦੀ ਰਾਸ਼ਟਰੀ ਸੁਰੱਖਿਆ ਵਿਚ ਵਿਆਪਕ ਬਦਲਾਅ ਹੋਏ ਹਨ। ਉਨ੍ਹਾਂ ਕਿਹਾ, ‘ਇਨ੍ਹਾਂ ਵਿਚੋਂ ਜ਼ਿਆਦਾਤਰ ਚੀਨ ਨਾਲ ਸਾਡੀ ਉੱਤਰੀ ਸੀਮਾ ਉਤੇ ਸਾਡੇ ਅੱਗੇ ਬਣੀਆਂ ਚੁਣੌਤੀਆਂ ’ਤੇ ਕੇਂਦਰਤ ਹਨ। ਸਾਨੂੰ ਪਾਕਿਸਤਾਨ ਵੱਲੋਂ ਵੀ ਲਗਾਤਾਰ ਸਰਹੱਦ ਪਾਰੋਂ ਅਤਿਵਾਦ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’ ਜੈਸ਼ੰਕਰ ਨੇ ਨਾਲ ਹੀ ਕਿਹਾ ਕਿ ਭਾਰਤ ਨੇ ਬੰਗਲਾਦੇਸ਼ ਨਾਲ ਆਪਣੇ ਰਿਸ਼ਤਿਆਂ ਵਿਚ ਕਾਫ਼ੀ ਸੁਧਾਰ ਕੀਤਾ ਹੈ। ਉਨ੍ਹਾਂ ਨਾਲ ਭੂਮੀ ਸੀਮਾ ਸਮਝੌਤਾ ਸਹੀਬੱਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਦਾ ਉਦਾਹਰਨ ਹੈ ਕਿ ਕਿਵੇਂ ਸਫ਼ਲ ਕੂਟਨੀਤੀ ਨੇ ਦੋ ਗੁਆਂਢੀਆਂ ਦਰਮਿਆਨ ਮਜ਼ਬੂਤ ਰਿਸ਼ਤੇ ਵਿਚ ਸਿੱਧਾ ਯੋਗਦਾਨ ਦਿੱਤਾ ਹੈ।

ਪਾਕਿਸਤਾਨ ਉਤੇ ਨਿਸ਼ਾਨਾ ਸੇਧਦਿਆਂ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਸਰਹੱਦ ਪਾਰੋਂ ਅਤਿਵਾਦ ਦੇ ਅਸਰ ਇਕ ਖੇਤਰ ਤੱਕ ਸੀਮਤ ਨਹੀਂ ਰਹਿ ਸਕਦੇ, ਖਾਸ ਤੌਰ ’ਤੇ ਜਦੋਂ ਉਹ ਨਸ਼ਿਆਂ, ਗੈਰਕਾਨੂੰਨੀ ਹਥਿਆਰਾਂ ਦੇ ਵਪਾਰ ਤੇ ਹੋਰ ਅਪਰਾਧਾਂ ਨਾਲ ਡੂੰਘੇ ਜੁੜੇ ਹੋਣ।