ਸਟਾਕਹੋਮ, 20 ਅਗਸਤ
ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਵੱਲੋਂ ਜਦੋਂ ਸਵੀਡਨ ਦਾ ਦੌਰਾ ਕੀਤਾ ਜਾ ਰਿਹਾ ਹੈ ਤਾਂ ਰੂਸ ਨੇ ਚੇਰਨੀਹੀਵ ’ਚ ਮਿਜ਼ਾਈਲ ਹਮਲਾ ਕਰ ਦਿੱਤਾ। ਉੱਤਰੀ ਯੂਕਰੇਨ ਦੇ ਇਸ ਸ਼ਹਿਰ ’ਚ ਹੋਏ ਹਮਲੇ ’ਚ ਸੱਤ ਵਿਅਕਤੀ ਮਾਰੇ ਗਏ ਜਦਕਿ 37 ਹੋਰ ਜ਼ਖ਼ਮੀ ਹੋ ਗਏ। ਜ਼ੈਲੇਂਸਕੀ ਨੇ ਹਮਲੇ ਦੀ ਨਿਖੇਧੀ ਕੀਤੀ ਹੈ। ਜ਼ੈਲੇਂਸਕੀ ਨੇ ਕਿਹਾ ਕਿ ਮਿਜ਼ਾਈਲਾਂ ਨੇ ਇਕ ਥੀਏਟਰ ਅਤੇ ਯੂਨੀਵਰਸਿਟੀ ਸਮੇਤ ਹੋਰ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਹੈ। ਸਵੀਡਨ ਨੇ ਯੂਕਰੇਨ ਨੂੰ ਹਥਿਆਰ ਅਤੇ ਹੋਰ ਸਹਾਇਤਾ ਦੇਣ ਲਈ ਆਪਣੀ ਪੁਰਾਣੀ ਨੀਤੀ ਛੱਡ ਦਿੱਤੀ। ਉਧਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਯੂਕਰੇਨੀ ਸਰਹੱਦ ਨੇੜਲੇ ਸ਼ਹਿਰ ਰੋਸਤੋਵ-ਆਨ-ਡਾਨ ਦਾ ਦੌਰਾ ਕਰਕੇ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਵੈਗਨਰ ਗਰੁੱਪ ਵੱਲੋਂ ਕੀਤੀ ਗਈ ਬਗ਼ਾਵਤ ਮਗਰੋਂ ਪੂਤਿਨ ਦਾ ਇਹ ਪਹਿਲਾ ਦੌਰਾ ਹੈ। ਇਸ ਦੌਰਾਨ ਯੂਕਰੇਨ ਦੀ ਹਵਾਈ ਸੈਨਾ ਨੇ ਕਿਹਾ ਹੈ ਕਿ ਉਨ੍ਹਾਂ ਰੂਸ ਦੇ 17 ’ਚੋਂ 15 ਡਰੋਨਾਂ ਨੂੰ ਮਾਰ ਸੁੱਟਿਆ ਹੈ ਜੋ ਉੱਤਰੀ, ਕੇਂਦਰੀ ਅਤੇ ਪੱਛਮੀ ਖ਼ਿੱਤਿਆਂ ਨੂੰ ਨਿਸ਼ਾਨੇ ਬਣਾਉਣ ਲਈ ਭੇਜੇ ਗਏ ਸਨ।