ਰੂਪਨਗਰ, 31 ਜੁਲਾਈ
ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਮੁਕਾਰੀ ਦੇ ਜੰਮਪਲ ਵਿਸ਼ਾਲ ਰਾਣਾ ਨੇ ਕੈਨੇਡਾ ਵਿਖੇ ਚੱਲ ਰਹੇ ਵਿਸ਼ਵ ਪੁਲੀਸ ਕੁਸ਼ਤੀ ਦੌਰਾਨ 70 ਕਿਲੋ ਵਿੱਚ ਸੋਨ ਤਗਮਾ ਜਿੱਤਿਆ ਹੈ। ਵਿਸ਼ਾਲ ਰਾਣਾ ਦੇ ਪਿਤਾ ਬਲਿੰਦਰ ਰਾਣਾ ਨੇ ਦੱਸਿਆ ਕਿ ਕੈਨੇਡਾ ਦੇ ਸ਼ਹਿਰ ਵਿਨੀਪੈੱਗ ਵਿੱਚ 28 ਜੁਲਾਈ ਤੋਂ 6 ਅਗਸਤ ਤੱਕ ਕਰਵਾਏ ਜਾ ਰਹੇ ਵਿਸ਼ਵ ਪੁਲੀਸ ਮੁਕਾਬਲਿਆਂ ਦੌਰਾਨ ਉਨ੍ਹਾਂ ਦੇ ਪੁੱਤਰ ਵਿਸ਼ਾਲ ਰਾਣਾ ਨੇ ਸੈਮੀਫਾਈਨਲ ਵਿੱਚ ਅਮਰੀਕਾ ਦੇ ਖਿਡਾਰੀ ਨੂੰ ਹਰਾਉਣ ਉਪਰੰਤ ਫਾਈਨਲ ਵਿੱਚ ਕੈਨੇਡਾ ਦੇ ਭਲਵਾਨ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਵਿਸ਼ਾਲ ਰਾਣਾ ਪੁਲੀਸ ਹਿੰਦ ਕੇਸਰੀ ਦਾ ਖਿਤਾਬ ਵੀ ਪ੍ਰਾਪਤ ਕਰ ਚੁੱਕਾ ਹੈ। ਵਿਸ਼ਾਲ ਰਾਣਾ ਪੰਜਾਬ ਪੁਲੀਸ ਵਿੱਚ ਬਤੌਰ ਏਐੱਸਆਈ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਤਾਇਨਾਤ ਹੈ। ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਕੁਮਾਰ ਚੱਢਾ, ਨਗਰ ਸੁਧਾਰ ਟਰੱਸਟ ਨੰਗਲ ਦੇ ਚੇਅਰਮੈਨ ਰਾਮ ਕੁਮਾਰ ਮੁਕਾਰੀ ਤੇ ਸਮਾਜ ਸੇਵੀ ਗੌਰਵ ਰਾਣਾ ਤੋਂ ਇਲਾਵਾ ਜ਼ਿਲ੍ਹੇ ਦੇ ਵੱਡੀ ਗਿਣਤੀ ਲੋਕਾਂ ਵੱਲੋਂ ਵਿਸ਼ਾਲ ਰਾਣਾ ਦੇ ਪਿਤਾ ਬਲਿੰਦਰ ਰਾਣਾ ਤੇ ਪਰਿਵਾਰ ਨੂੰ ਮੁਬਾਰਕਾਂ ਦਿੱਤੀਆਂ ਗਈਆਂ।