ਰੂਪਨਗਰ, 23 ਫਰਵਰੀ
ਅੱਜ ਇਥੇ ਰਾਧਾ ਸਵਾਮੀ ਸਤਸੰਗ ਭਵਨ ਦੇ ਸਾਹਮਣੇ ਐਕਟਿਵਾ ’ਤੇ ਸਕੂਲ ਜਾ ਰਹੇ ਨੌਵੀਂ ਦੇ ਵਿਦਿਆਰਥੀ ਨੇ ਸਰਹੰਦ ਨਹਿਰ ਵਿੱਚ ਛਾਲ ਮਾਰ ਦਿੱਤੀ। ਥਾਣਾ ਸਿਟੀ ਰੂਪਨਗਰ ਦੇ ਤਫਤੀਸ਼ੀ ਅਧਿਕਾਰੀ ਖੁਸ਼ਹਾਲ ਸਿੰਘ ਨੇ ਦੱਸਿਆ ਕਿ ਸੁਖਪ੍ਰੀਤ ਸਿੰਘ ਪੁੱਤਰ ਹਰਮਨਜੀਤ ਸਿੰਘ ਵਾਸੀ ਗੁਰੂ ਨਗਰ ਰੂਪਨਗਰ, ਜੋ ਸ਼ਿਵਾਲਿਕ ਪਬਲਿਕ ਸਕੂਲ ਦਾ ਵਿਦਿਆਰਥੀ ਸੀ, ਦਾ ਪਿਤਾ ਅੱਜ ਸਵੇਰੇ ਉਸ ਨੂੰ ਐਕਟਿਵਾ ’ਤੇ ਸਕੂਲ ਛੱਡਣ ਲਈ ਜਾ ਰਿਹਾ ਸੀ, ਜਦੋਂ ਉਹ ਸਰਹਿੰਦ ਨਹਿਰ ’ਤੇ ਨਵੇਂ ਪੁਲ ਨੇੜੇ ਪੁੱਜਿਆ ਤਾਂ ਐਕਟਿਵਾ ਦੀ ਸਪੀਡ ਘੱਟ ਹੋਣ ’ਤੇ ਸੁਖਪ੍ਰੀਤ ਸਿੰਘ ਨੇ ਐਕਟਿਵਾ ਤੋਂ ਉਤਰ ਨਹਿਰ ਵਿੱਚ ਛਾਲ ਮਾਰ ਦਿੱਤੀ। ਉੱਥੇ ਮੌਜੂਦ ਰਾਹਗੀਰਾਂ ਨੇ ਸੁਖਪ੍ਰੀਤ ਸਿੰਘ ਨੂੰ ਨਹਿਰ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਵੀ ਕੀਤੀ ਪਰ ਸਫਲਤਾ ਨਹੀਂ ਮਿਲੀ। ਤਫਤੀਸ਼ੀ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਵੱਲੋਂ ਪਰਿਵਾਰਕ ਮੈਂਬਰਾਂ ਅਤੇ ਗੋਤਾਖੋਰਾਂ ਦੀ ਮੱਦਦ ਨਾਲ ਨਹਿਰ ਵਿੱਚ ਡੁੱਬੇ ਵਿਦਿਆਰਥੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਸੁਖਪ੍ਰੀਤ ਸਿੰਘ ਦੇ ਪਿਤਾ ਹਰਮਨਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਨੂੰ ਐਲਰਜੀ ਅਤੇ ਚਮੜੀ ਦੀ ਬਿਮਾਰੀ ਹੋਣ ਕਾਰਨ ਉਹ ਕਾਫੀ ਪ੍ਰੇਸ਼ਾਨ ਰਹਿੰਦਾ ਸੀ।