ਸਿਡਨੀ, ਇੰਗਲੈਂਡ ਦਾ ਕਪਤਾਨ ਜੋ ਰੂਟ ਇੱਕ ਵਾਰ ਫਿਰ ਲੜੀ ਦਾ ਪਹਿਲਾ ਸੈਂਕੜਾ ਜੜਨ ਤੋਂ ਖੁੰਝ ਗਿਆ ਹੈ ਜਦੋਂ ਕਿ ਆਸਟਰੇਲੀਆ ਨੇ ਪੰਜਵੇਂ ਅਤੇ ਆਖ਼ਰੀ ਐਸ਼ੇਜ਼ ਕਿ੍ਕਟ ਟੈਸਟ ਵਿੱਚ ਪਹਿਲੇ ਦਿਨ ਅੰਤਿਮ ਪਲਾਂ ਵਿੱਚ ਦੋ ਵਿਕਟਾ ਝਟਕ ਕੇ ਵਾਪਸੀ ਕੀਤੀ।
ਮਿਸ਼ੇਲ ਸਟਾਰਕ (63 ਦੌੜਾਂ ਇੱਕ ਵਿਕਟ) ਦੀ ਗੇਂਦ ਉੱਤੇ ਮਿਸ਼ੇਲ ਮਾਰਸ਼ ਨੇ ਰੂਟ 83 ਦਾ ਸ਼ਾਨਦਾਰ ਕੈਚ ਲਿਆ ਜਦੋਂ ਕਿ ਅਗਲੇ ਅਤੇ ਦਿਨ ਦੇ ਆਖ਼ਰੀ ਓਵਰ ਵਿੱਚ ਜਾਨੀ ਬੇਅਰਸਟਾ (5) ਜੋਸ਼ ਹੇਜਲਵੁੱਡ (47 ਦੌੜਾਂ ਉੱਤੇ ਦੋ ਵਿਕਟਾਂ) ਦੀ ਗੇਂਦ ਉੱਤੇ ਵਿਕਟ ਕੀਪਰ ਟਿਮ ਪੈਨ ਨੂੰ ਕੈਚ ਦੇ ਬੈਠਾ ਜਿਸ ਨਾਲ ਟੀਮ ਦਾ ਸਕੋਰ ਪੰਜ ਵਿਕਟਾਂ ਉੱਤੇ 233 ਦੌੜਾਂ ਹੋ ਗਿਆ। ਦਿਨ ਦੀ ਖੇਡ ਖਤਮ ਹੋਣ ਉੱਤੇ ਡੇਵਿਡ ਮਾਲਾਨ 55 ਦੌੜਾਂ ਬਣਾ ਕੇ ਕਰੀਜ਼ ਉੱਤੇ ਟਿਕਿਆ ਹੋਇਆ ਸੀ। ਮਾਲਾਨ ਨੇ ਲੜੀ ਵਿੱਚ ਚੌਥਾ ਅਰਧ ਸੈਂਕੜਾ ਜੜਨ ਵਾਲੇ ਕਪਤਾਨ ਜੋ ਰੂਟ ਦੇ ਨਾਲ ਉਸ ਸਮੇਂ ਚੌਥੇ ਵਿਕਟ ਦੇ ਲਈ 133 ਦੌੜਾਂ ਜੋੜੀਆਂ ਜਦੋਂ ਟੀਮ 95 ਦੌੜਾਂ ਉੱਤੇ ਤਿੰਨ ਵਿਕਟ ਗਵਾ ਕੇ ਸੰਕਟ ਵਿੱਚ ਸੀ। ਮਾਲਾਨ ਇਸ ਗੱਲੋਂ ਕਿਸਮਤ ਵਾਲਾ ਵੀ ਕਿਹਾ ਜਾ ਸਕਦਾ ਹੈ ਕਿ ਕਪਤਾਨ ਸਟੀਵ ਸਮਿਥ ਉਸਦਾ ਕੈਚ ਲੈਂਦਾ ਹੋਇਆ ਖੁੰਝ ਗਿਆ। ਮਾਲਾਨ (34) ਨੇ ਆਪਣੀ ਪਾਰੀ ਵਿੱਚ ਹੁਣ ਤੱਕ ਪੰਜ ਚੌਕੇ ਜੜੇ ਹਨ। ਇਸ ਤੋਂ ਪਹਿਲਾਂ ਮਿਸ਼ੇਲ ਮਾਰਸ਼ ਉੱਤੇ ਚੌਕੇ ਦੇ ਨਾਲ ਰੂਟ ਨੇ 82 ਗੇਂਦਾਂ ਵਿੱਚ ਅਰਧ ਸੈਂਕੜਾ ਪੂਰਾ ਕੀਤਾ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ। ਇਸ ਦੌਰਾਨ ਅਲਿਸਟੇਅਰ ਕੁੱਕ ਇੱਕ ਹੋਰ ਨਾਬਾਦ ਪਾਰੀ ਵੱਲ ਵਧ ਰਿਹਾ ਸੀ ਪਰ ਹੇਜ਼ਲਵੁੱਡ ਨੇ ਉਸਨੂੰ ਪਵੇਲੀਅਨ ਭੇਜ ਦਿੱਤਾ। ਉਸਨੇ 39 ਦੌੜਾਂ ਬਣਾਈਆਂ। ਕੁੱਕ ਲੜੀ ਵਿੱਚ ਪੰਜਵੀਂ ਵਾਰ ਟੰਗ ਅੜਿੱਕਾ ਆਊਟ ਹੋਇਆ ਹੈ। ਸਲਾਮੀ ਬੱਲੇਬਾਜ ਮਾਰਕ ਸਟੋਨਮੈਨ ਕੁੱਝ ਚੰਗੇ ਸ਼ਾਟ ਖੇਡਣ ਬਾਅਦ ਦਸਵੇਂ ਓਵਰ ਵਿੱਚ ਪੈਂਟ ਕਮਿੰਸ ਦੀ ਦੀ ਉਛਲਦੀ ਗੇਂਦ ਉੱਤੇ ਕੈਚ ਦੇ ਬੈਠਾ। ਉਸਨੇ 24 ਗੇਂਦਾਂ ਵਿੱਚ 24 ਦੌੜਾਂ ਬਣਾਈਆਂ। ਜੇਮਜ਼ ਵਿੰਸ (25) ਕਮਿੰਸ ਦੀ ਗੇਂਦ ਨੂੰ ਕੱਟ ਕਰਨ ਦੀ ਕੋਸ਼ਿਸ਼ ’ਚ ਵਿਕਟ ਦੇ ਪਿੱਛੇ ਕੈਚ ਦੇ ਬੈਠਿਆ। ਮੀਂਹ ਕਾਰਨ ਦੇਰੀ ਅਤੇ ਜਲਦੀ ਲੰਚ ਦੀ ਬਰੇਕ ਲੈਣ ਤੋਂ ਬਾਅਦ ਮੈਚ ਅੰਤ ਨੂੰ ਸਥਾਨਿਕ ਸਮੇਂ ਅਨੁਸਾਰ 12 ਵੱਜ ਕੇ ਚਾਲੀ ਮਿੰਟ ਉੱਤੇ ਸ਼ੁਰੂ ਹੋਇਆ ਤੇ ਦਿਨ ਵਿੱਚ 81.4 ਓਵਰ ਖੇਡੇ ਗਏ।