ਨਵੀਂ ਦਿੱਲੀ:ਓਲੰਪਿਕ ’ਚ ਕਾਂਸੀ ਦਾ ਤਗ਼ਮਾ ਜੇਤੂ ਭਾਰਤੀ ਹਾਕੀ ਟੀਮ ਦੇ ਮੈਂਬਰ ਰੁਪਿੰਦਰਪਾਲ ਸਿੰਘ ਅਤੇ ਬੀਰੇਂਦਰ ਲਾਕੜਾ ਨੇ ਅੱਜ ਕੌਮਾਂਤਰੀ ਹਾਕੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਰੁਪਿੰਦਰਪਾਲ ਨੇ ਆਪਣੇ ਟਵਿੱਟਰ ਖਾਤੇ ’ਤੇ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਉਹ ‘ਨੌਜਵਾਨਾਂ ਲਈ ਰਸਤਾ ਛੱਡਣ ਵਾਸਤੇ’ ਸੰਨਿਆਸ ਲੈ ਰਿਹਾ ਹੈ। ਜਦਕਿ ਬੀਰੇਂਦਰ ਲਾਕੜਾ ਦੇ ਸੰਨਿਆਸ ਦਾ ਐਲਾਨ ਹਾਕੀ ਇੰਡੀਆ ਨੇ ਕੀਤਾ ਹੈ। ਭਰੋਸੇਯੋਗ ਮੁਤਾਬਕ ਦੋਵਾਂ ਖਿਡਾਰੀਆਂ ਨੂੰ ਦੱਸ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਅਗਲੇ ਹਫ਼ਤੇ ਬੰਗਲੂਰੂ ਵਿੱਚ ਸ਼ੁੁਰੂ ਹੋ ਰਹੇ ਕੌਮੀ ਕੈਂਪ ’ਚ ਜਗ੍ਹਾ ਨਹੀਂ ਮਿਲੇਗੀ। ਭਾਰਤ ਦੇ ਸਰਬੋਤਮ ਡਰੈਗ ਫਲਿੱਕਰਾਂ ’ਚ ਸ਼ਾਮਲ ਰੁਪਿੰਦਰਪਾਲ ਨੇ ਦੇਸ਼ ਵੱਲੋਂ 223 ਮੈਚ ਖੇਡੇ ਹਨ। ਰੁਪਿੰਦਰਪਾਲ ਨੇ ਆਪਣੇ ਟਵਿੱਟਰ ਹੈਂਡਲ ’ਤੇ ਲਿਖਿਆ, ‘‘ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪਿਛਲੇ ਕੁਝ ਮਹੀਨੇ ਮੇਰੇ ਜ਼ਿੰਦਗੀ ਦੇ ਸਭ ਤੋਂ ਵਧੀਆ ਦਿਨ ਰਹੇ। ਮੈਂ ਆਪਣੇ ਜੀਵਨ ਦੇ ਕੁਝ ਸ਼ਾਨਦਾਰ ਤਜਰਬੇ ਜਿਨ੍ਹਾਂ ਨਾਲ ਸਾਂਝੇ ਕੀਤੇ, ਟੀਮ ਦੇ ਆਪਣੇ ਉਨ੍ਹਾਂ ਸਾਥੀਆਂ ਨਾਲ ਟੋਕੀਓ ’ਚ ਪੋਡੀਅਮ ’ਤੇ ਖੜ੍ਹੇ ਹੋਣ ਦਾ ਅਹਿਸਾਸ ਅਜਿਹਾ ਸੀ, ਜਿਸ ਨੂੰ ਮੈਂ ਹਮੇਸ਼ਾ ਸੰਭਾਲ ਕੇ ਰੱਖਾਂਗਾ।’’