ਓਟਵਾ, 12 ਮਈ : ਵੀਰਵਾਰ ਨੂੰ ਓਟਵਾ ਦੇ ਪੂਰਬ ਵਿੱਚ ਦਿਨ ਦਿਹਾੜੇ ਵਾਪਰੀ ਸ਼ੂਟਿੰਗ ਦੀ ਘਟਨਾ ਵਿੱਚ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਇੱਕ ਅਧਿਕਾਰੀ ਦੀ ਮੌਤ ਹੋ ਜਾਣ ਤੇ ਦੋ ਹੋਰਨਾਂ ਦੇ ਜ਼ਖ਼ਮੀ ਹੋਣ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਆਪਣਾ ਫਰਜ਼ ਨਿਭਾਉਂਦਿਆਂ ਹੋਇਆਂ ਸਾਡੇ ਪੁਲਿਸ ਅਧਿਕਾਰੀ ਸ਼ਹੀਦ ਹੋ ਰਹੇ ਹਨ ਤੇ ਇਹ ਸੱਭ ਰੁਕਣਾ ਚਾਹੀਦਾ ਹੈ। ਅਜਿਹਾ ਹੋਰ ਨਹੀਂ ਹੋਣਾ ਚਾਹੀਦਾ।
ਮੌਲਡੋਵਾ ਦੇ ਰਾਸ਼ਟਰਪਤੀ ਮਾਇਆ ਸਾਂਡੂ ਨਾਲ ਮੁਲਾਕਾਤ ਕਰਨ ਸਮੇਂ ਰੀਡੂ ਗੇਟ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਹੁਣ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਅਕਸਰ ਹੀ ਵਾਪਰਨ ਲੱਗ ਗਈਆਂ ਹਨ। ਦੇਸ਼ ਭਰ ਵਿੱਚ ਪਿਛਲੇ ਕਈ ਮਹੀਨਿਆਂ ਵਿੱਚ ਅਸੀਂ ਆਪਣੇ ਕਈ ਪੁਲਿਸ ਅਧਿਕਾਰੀਆਂ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਵਿੱਚ ਗੁਆ ਬੈਠੇ ਹਾਂ। ਆਪਣੀ ਕਮਿਊਨਿਟੀ ਦੀ ਸੇਵਾ ਕਰਦਿਆਂ ਹੋਇਆਂ ਉਹ ਸ਼ਹੀਦ ਹੋਏ।
ਉਨ੍ਹਾਂ ਆਖਿਆ ਕਿ ਉਹ ਪਬਲਿਕ ਸੇਫਟੀ ਮੰਤਰੀ ਤੇ ਨਿਆਂ ਮੰਤਰੀ ਨਾਲ ਰਲ ਕੇ ਇਸ ਪਾਸੇ ਕੰਮ ਕਰ ਰਹੇ ਹਨ ਕਿ ਪੁਲਿਸ ਅਧਿਕਾਰੀਆਂ ਨੂੰ ਸੁਰੱਖਿਅਤ ਰੱਖਣ ਲਈ ਕੀ ਕੀਤਾ ਜਾ ਸਕਦਾ ਹੈ। ਪਰ ਇਸ ਤਰ੍ਹਾਂ ਉਨ੍ਹਾਂ ਨੂੰ ਮਾਰੇ ਜਾਣ ਦਾ ਸਿਲਸਿਲਾ ਬੰਦ ਹੋਣਾ ਚਾਹੀਦਾ ਹੈ। ਸਾਡੇ ਲਈ ਆਪਣੀਆਂ ਜਾਨਾਂ ਖਤਰੇ ਵਿੱਚ ਪਾਉਣ ਵਾਲੇ ਲੋਕਾਂ ਲਈ ਬਦਲੇ ਵਿੱਚ ਸਾਨੂੰ ਵੀ ਕੁੱਝ ਕਰਨਾ ਚਾਹੀਦਾ ਹੈ।
ਵੀਰਵਾਰ ਸਵੇਰੇ ਡਾਊਨਟਾਊਨ ਓਟਵਾ ਤੋਂ 50 ਕਿਲੋਮੀਟਰ ਪੂਰਬ ਵੱਲ ਬੌਰਜ਼ੇ ਨਾਂ ਦੇ ਨਿੱਕੇ ਜਿਹੇ ਪਿੰਡ ਵਿੱਚ ਸੂ਼ਟਿੰਗ ਦੀ ਵਾਪਰੀ ਇਸ ਘਟਨਾ ਨੇ ਇੱਕਦਮ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ। ਓਪੀਪੀ ਨੇ ਦੱਸਿਆ ਕਿ ਇੱਕ ਘਰ ਵਿੱਚ ਕਿਸੇ ਤਰ੍ਹਾਂ ਦੀ ਗੜਬੜੀ ਤੋਂ ਬਾਅਦ ਗੋਲੀ ਚੱਲਣ ਦੀਆਂ ਰਿਪੋਰਟਾਂ ਮਿਲਣ ਮਗਰੋਂ ਤਿੰਨ ਪੁਲਿਸ ਅਧਿਕਾਰੀ ਤੜ੍ਹਕੇ 2:00 ਵਜੇ ਮੌਕੇ ਉੱਤੇ ਪਹੁੰਚੇ ਪਰ ਘਾਤ ਲਾ ਕੇ ਉਨ੍ਹਾਂ ਉੱਤੇ ਚਲਾਈਆਂ ਗਈਆਂ ਗੋਲੀਆਂ ਕਾਰਨ ਇੱਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖ਼ਮੀ ਹੋ ਗਏ।ਇਸ ਮਾਮਲੇ ਦੇ ਸਬੰਧ ਵਿੱਚ 39 ਸਾਲਾ ਵਿਅਕਤੀ ਐਲੇਨ ਬੈਲੇਫਿਊਲ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਬਾਅਦ ਵਿੱਚ ਉਸ ਉੱਤੇ ਫਰਸਟ ਡਿਗਰੀ ਮਰਡਰ ਦਾ ਚਾਰਜ ਲਾਇਆ ਗਿਆ ਤੇ ਦੋ ਚਾਰਜਿਜ਼ ਕਤਲ ਕਰਨ ਦੀ ਕੋਸਿ਼ਸ਼ ਦੇ ਵੀ ਲਗਾਏ ਗਏ।
ਇਸ ਘਟਨਾ ਵਿੱਚ ਓਪੀਪੀ ਦੇ 42 ਸਾਲਾ ਅਧਿਕਾਰੀ ਸਾਰਜੈਂਟ ਐਰਿਕ ਮੂਲਰ ਦੀ ਮੌਤ ਹੋ ਗਈ। ਹਸਪਤਾਲ ਵਿੱਚ ਦਾਖਲ ਦੋਵਾਂ ਪੁਲਿਸ ਅਧਿਕਾਰੀਆਂ ਵਿੱਚੋਂ ਵੀ ਇੱਕ ਦੀ ਹਾਲਤ ਨਾਜ਼ੁਕ ਪਰ ਸਥਿਰ ਦੱਸੀ ਜਾਂਦੀ ਹੈ।