ਲੁਧਿਆਣਾ, ਭਾਜਪਾ ਸਮਰੱਥਕ ਰਿੰਕਲ ਖੇੜਾ ਦੇ ਕਤਲ ਮਾਮਲੇ ’ਚ ਸ਼ੁੱਕਰਵਾਰ ਨੂੰ ਪੁਲੀਸ ਨੂੰ ਵੱਡੀ ਰਾਹਤ ਮਿਲੀ। ਪਿਛਲੇ 8 ਦਿਨਾਂ ਤੋਂ ਰਿੰਕਲ ਦਾ ਪੋਸਟਮਾਰਟਮ ਨਾ ਕਰਵਾਉਣ ’ਤੇ ਅੜੇ ਪਰਿਵਾਰ ਵਾਲਿਆਂ ਨਾਲ ਗ਼ੱਲ ਕਰ ਰਹੀ ਲੁਧਿਆਣਾ ਪੁਲੀਸ ਨੂੰ ਅਦਾਲਤ ਨੇ ਰਿੰਕਲ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੇ ਹੁਕਮ ਦਿੱਤੇ ਹਨ। ਪੁਲੀਸ ਵੱਲੋਂ ਅਦਾਲਤ ’ਚ ਇੱਕ ਪਟੀਸ਼ਨ ਪਾਈ ਗਈ ਸੀ ਕਿ ਰਿੰਕਲ ਦੀ ਲਾਸ਼ ਦਾ ਪੋਸਟਮਾਰਟਮ ਕਰਾਉਣ ਦੀ ਆਗਿਆ ਦਿੱਤੀ ਜਾਵੇ, ਪਰ ਪੀੜਤ ਧਿਰ ਦੇ ਵਕੀਲ ਕੁਨਾਲ ਵੋਹਰਾ ਨੇ ਪੋਸਟਮਾਰਟਮ ਨਾ ਕਰਵਾਏ ਜਾਣ ਦੀ ਦਲੀਲ ਦਿੱਤੀ ਸੀ।

ਉਨ੍ਹਾਂ ਅਦਾਲਤ ’ਚ ਕਿਹਾ ਕਿ ਇਸ ਕੇਸ ’ਚ ਮੌਜੂਦਾ ਸਰਕਾਰ ਕਥਿਤ ਪੂਰੀ ਤਰ੍ਹਾਂ ਮਿਲੀ ਹੋਈ ਹੈ। ਕਤਲ ਤੋਂ ਬਾਅਦ ਜਦੋਂ ਮੁਲਜ਼ਮ ਫ਼ਰਾਰ ਹੋ ਗਏ ਸਨ ਤਾਂ ਪਰਿਵਾਰ ਵਾਲਿਆਂ ਨੇ ਮੁਲਜ਼ਮ ਸੰਨੀ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਸੀ, ਪਰ ਮੁਲਜ਼ਮ ਪੁਲੀਸ ਦੇ ਹੱਥ ਨਹੀਂ ਆ ਰਿਹਾ ਸੀ। ਜਦੋਂ ਪੀੜਤ ਪਰਿਵਾਰ ਨੇ ਪੋਸਟਮਾਰਟਮ ਕਰਵਾਉਣ ਤੋਂ ਨਾਂਹ ਕੀਤਾ ਤਾਂ ਮੁਲਜ਼ਮ ਸੰਨੀ ਨੂੰ ਪੁਲੀਸ ਨੇ 2 ਘੰਟਿਆਂ ’ਚ ਹੀ ਗ੍ਰਿਫ਼ਤਾਰ ਕਰ ਲਿਆ ਸੀ। ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਪੁਲੀਸ ਨੂੰ ਰਿੰਕਲ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੀ ਆਗਿਆ ਦੇ ਦਿੱਤੀ। ਹੁਣ ਪੁਲੀਸ ਨੇ ਪੋਸਟਮਾਰਟਮ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਉਧਰ, ਪੁਲੀਸ ਨੇ ਸ਼ੁੱਕਰਵਾਰ ਨੂੰ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਨੀਟੂ ਦੇ ਲੜਕੇ ਸਨੀ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਉਸ ਨੂੰ ਅਦਾਲਤ ’ਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਮੁਲਜ਼ਮ ਦਾ ਪੰਜ ਦਿਨਾਂ ਹੋਰ ਪੁਲੀਸ ਰਿਮਾਂਡ ਦੇ ਦਿੱਤਾ। ਪੁਲੀਸ ਅਨੁਸਾਰ ਮੁਲਜ਼ਮ ਨੇ ਮੰਨਿਆ ਕਿ ਜਿਸ ਮੋਬਾਈਲ ਤੋਂ ਉਸ ਨੇ ਨੰਬਰ ਮਿਟਾਏ ਸਨ, ਉਹ ਉਸ ਨੇ ਅੰਮ੍ਰਿਤਸਰ ਦੇ ਸ਼ਹੀਦ ਬਾਬਾ ਦੀਪ ਸਿੰਘ ਗੁਰਦੁਆਰੇ ਕੋਲ ਲੁਕਾ ਕੇ ਰੱਖਿਆ ਹੈ। ਡਿਪਟੀ ਕਮਿਸ਼ਨਰ ਆਫ਼ ਪੁਲੀਸ ਅਸ਼ਵਨੀ ਕਪੂਰ ਨੇ ਦੱਸਿਆ ਕਿ ਪੁਲੀਸ ਨੂੰ ਪੋਸਟਮਾਰਟਮ ਕਰਵਾਉਣ ਦੀ ਆਗਿਆ ਮਿਲ ਗਈ ਹੈ ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਪੋਸਟਮਾਰਟਮ ਕਦੋਂ ਕਰਵਾਇਆ ਜਾਵੇਗਾ।