ਮੁੰਬਈ:ਬੌਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਨੇ ਆਪਣੇ 48ਵੇਂ ਜਨਮਦਿਨ ਮੌਕੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਆਉਣ ਵਾਲੀ ਫਿਲਮ ‘ਵਿਕਰਮ ਵੇਦਾ’ ਵਿੱਚੋਂ ਵੇਦਾ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ। ਰਿਤਿਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਅਦਾਕਾਰ ਭਰਵੀਂ ਦਾੜੀ ਅਤੇ ਮੁੱਛਾਂ ਨਾਲ ਕਾਲੇ ਕੱਪੜਿਆਂ ’ਚ ਦਿਖਾਈ ਦੇ ਰਿਹਾ ਹੈ। ਅਦਾਕਾਰ ਨੇ ਕਾਲੇ ਰੰਗ ਦਾ ਚਸ਼ਮਾ ਲਾਇਆ ਹੋਇਆ ਹੈ ਅਤੇ ਉਸ ਦੇ ਸਰੀਰ ’ਤੇ ਖ਼ੂਨ ਦੇ ਛਿੱਟੇ ਦਿਖਾਈ ਦੇ ਰਹੇ ਹਨ। ਉਸ ਨੇ ਤਸਵੀਰ ਦੇ ਨਾਲ ਕੈਪਸ਼ਨ ਵਿੱਚ ‘ਵੇਦਾ #ਵਿਕਰਮਵੇਦਾ’ ਲਿਖਿਆ ਹੈ। ਇਸ ਤਸਵੀਰ ਨੂੰ ਕਰੀਬ 882 ਹਜ਼ਾਰ ਲੋਕ ਪਸੰਦ ਕਰ ਚੁੱਕੇ ਹਨ। ਫਿਲਮ ‘ਵਿਕਰਮ ਵੇਦਾ’ ਵਿੱਚ ਅਦਾਕਾਰ ਰਿਤਿਕ ਰੌਸ਼ਨ ਅਤੇ ਸੈਫ਼ ਅਲੀ ਖ਼ਾਨ ਅਦਾਕਾਰਾ ਰਾਧਿਕਾ ਆਪਟੇ ਨਾਲ ਮੁੱਖ ਭੂਮਿਕਾ ਨਿਭਾ ਰਿਹਾ ਹੈ। ਫਿਲਮ ਦੇ ਅਸਲ ਲੇਖਕ ਅਤੇ ਨਿਰਦੇਸ਼ਕ ਪੁਸ਼ਕਰ ਅਤੇ ਗਾਇਤਰੀ ਹਨ। ਇਹ ਫਿਲਮ ਆਰ ਮਾਧਵਨ ਅਤੇ ਵਿਜੈ ਸੇਤੂਪਤੀ ਦੀ ਤਾਮਿਲ ਵਿੱਚ ਬਣੀ ਫਿਲਮ ਦਾ ਹਿੰਦੀ ਰੂਪਾਂਤਰਨ ਹੈ। ‘ਵਿਕਰਮ ਵੇਦਾ’ ਨੂੰ ਗੁਲਸ਼ਨ ਕੁਮਾਰ, ਟੀ-ਸੀਰੀਜ਼ ਫਿਲਮਜ਼ ਅਤੇ ਰਿਲਾਇੰਸ ਐਂਟਰਟੇਨਮੈਂਟ ਫਰਾਈਡੇਅ ਫਿਲਮਵਰਕ ਅਤੇ ਵਾਈਨੌਟ ਸਟੂਡੀਓਜ਼ ਪ੍ਰੋਡਕਸ਼ਨਜ਼ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਨ। ਇਸ ਦੇ ਨਿਰਮਾਤਾ ਐੱਸ ਸਸ਼ੀਕਾਂਤ ਅਤੇ ਭੂਸ਼ਨ ਕੁਮਾਰ ਹਨ। ਫਿਲਮ ‘ਵਿਕਰਮ ਵੇਦਾ’ 30 ਸਤੰਬਰ ਨੂੰ ਰਿਲੀਜ਼ ਹੋਵੇਗੀ।