ਮੁੰਬਈ:ਅਦਾਕਾਰਾ ਕੰਗਨਾ ਰਣੌਤ ਦਾ ਕਹਿਣਾ ਹੈ ਕਿ ਅਦਾਕਾਰ ਰਿਤਿਕ ਰੌਸ਼ਨ ਨਾਲ ਉਸ ਦੀ ਕਾਨੂੰਨੀ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਆਮਿਰ ਖ਼ਾਨ ਉਸ ਦਾ ਸਭ ਤੋਂ ਵਧੀਆ ਦੋਸਤ ਸੀ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ’ਤੇ ਆਮਿਰ ਦੇ ਸ਼ੋਅ ‘ਸੱਤਿਆਮੇਵ ਜਯਤੇ’ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਦੋਵੇਂ ਗੱਲਬਾਤ ਕਰ ਰਹੇ ਹਨ। ਇਸ ਮੌਕੇ ਕੰਗਨਾ ਨੇ ਇਹ ਵੀ ਜ਼ਿਕਰ ਕੀਤਾ ਕਿ ਕਿਵੇਂ ਆਮਿਰ ਉਸ ਨੂੰ ਫਿਲਮਾਂ ਦੀ ਚੋਣ ਸਬੰਧੀ ਸਹੀ ਸਲਾਹ ਦਿੰਦਾ ਸੀ ਤੇ ਉਸ ਲਈ ਇੱਕ ਮਾਰਗਦਰਸ਼ਕ ਦੀ ਭੂਮਿਕਾ ਨਿਭਾਉਂਦਾ ਸੀ। ਅਦਾਕਾਰਾ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਵਿੱਚ ਉਹ ਦੱਸ ਰਹੀ ਹੈ ਕਿ ਇੱਕ ਬੱਚੀ ਨੂੰ ਆਈਟਮ ਗੀਤ ’ਤੇ ਨੱਚਦਿਆਂ ਵੇਖ ਕੇ ਉਸ ਨੇ ਫਿਲਮਾਂ ਵਿੱਚ ਆਈਟਮ ਗੀਤਾਂ ’ਤੇ ਨੱਚਣ ਦੀਆਂ ਕਈ ਆਫਰਾਂ ਠੁਕਰਾ ਦਿੱਤੀਆਂ ਸਨ। ਇਸ ਵੀਡੀਓ ਨਾਲ ਕੰਗਨਾ ਨੇ ਕਿਹਾ, ‘ਦਰਸਅਸਲ ਮੈਨੂੰ ਵੀ ਕਈ ਵਾਰ ਉਹ ਦਿਨ ਯਾਦ ਆਉਂਦੇ ਹਨ, ਜਦੋਂ ਆਮਿਰ ਸਰ ਮੇਰੇ ਸਭ ਤੋਂ ਚੰਗੇ ਦੋਸਤ ਸਨ…ਜਾਨੇ ਕਹਾਂ ਗਏ ਵੋ ਦਿਨ…ਇੱਕ ਗੱਲ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਰਿਤਿਕ ਨਾਲ ਮੇਰੀ ਕਾਨੂੰਨੀ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ (ਆਮਿਰ) ਨੇ ਮੈਨੂੰ ਸਹੀ ਮਾਰਗਦਰਸ਼ਨ ਦੇਣ, ਮੇਰੇ ਕੰਮ ਦੀ ਸ਼ਲਾਘਾ ਕਰਨ ਤੇ ਸਹੀ ਚੋਣ ਕਰਨ ਵਿੱਚ ਬਹੁਤ ਮਦਦ ਕੀਤੀ ਸੀ।