ਗੁਹਾਟੀ, 15 ਜਨਵਰੀ
ਖੇਡ ਮੰਤਰੀ ਕਿਰਨ ਰਿਜਿਜੂ ਅਤੇ ਨਾਡਾ ਦੇ ਦੂਤ ਸੁਨੀਲ ਸ਼ੈੱਟੀ ਨੇ ਸਾਫ ਸੁਥਰੀ ਅਤੇ ਡੋਪਿੰਗ ਮੁਕਤ ਖੇਡ ਸੱਭਿਆਚਾਰ ’ਤੇ ਜ਼ੋਰ ਦਿੰਦਿਆਂ ਭਾਰਤੀ ਖਿਡਾਰੀਆਂ ਨੂੰ ਪਾਬੰਦੀਸ਼ੁਦਾ ਪਦਾਰਥਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਨੌਜਵਾਨਾਂ ਨੂੰ ਡੋਪਿੰਡ ਦੇ ਖਤਰਿਆਂ ਬਾਰੇ ਜਾਗਰੂਕ ਕਰਨ ਸਬੰਧੀ ਇੱਕ ਵਰਕਸ਼ਾਪ ਵਿੱਚ ਕੌਮੀ ਡੋਪਿੰਗ ਰੋਕੂ ਏਜੰਸੀ (ਨਾਡਾ) ਦੇ ਦੂਤ ਅਭਿਨੇਤਾ ਸੁਨੀਲ ਸ਼ੈੱਟੀ ਤੇ ਬੱਚਿਆਂ ਦੀ ਜ਼ਿੰਦਗੀ ’ਚ ਖੇਡਾਂ ਦੇ ਮਹੱਤਵ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ, ‘ਤੁਸੀਂ ਆਪਣੀ ਜ਼ਿੰਦਗੀ ’ਚ ਕਈ ਗਲਤੀਆਂ ਕਰ ਸਕਦੇ ਹੋ ਪਰ ਕੁਝ ਗਲਤ ਖਾਣਾ ਨਹੀਂ ਚਾਹੀਦਾ। ਮੈਂ ਆਪਣੀ ਜ਼ਿੰਦਗੀ ’ਚ ਜੋ ਕੁਝ ਵੀ ਹਾਸਲ ਕੀਤਾ ਹੈ ਉਹ ਖੇਡਾਂ ਕਾਰਨ ਹੀ ਹੈ।’ ਉਨ੍ਹਾਂ ਕਿਹਾ, ‘ਮੈਂ ਮਾਰਸ਼ਲ ਆਰਟ ਖੇਡਦਾ ਸੀ ਅਤੇ ਕਾਫੀ ਮਿਹਨਤ ਕਰਦਾ ਸੀ। ਮੈਂ ਅਦਾਕਾਰ ਇਸ ਲਈ ਬਣਿਆ ਕਿਉਂਕਿ ਮੈਂ ਖਿਡਾਰੀ ਸੀ। ਮੈਂ ਅੱਜ ਵੀ ਖੁਦ ਨੂੰ ਖੇਡਾਂ ਨਾਲ ਜੁੜਿਆ ਮੰਨਦਾ ਹਾਂ।’ ਇੱਥੇ ਖੇਡੋ ਇੰਡੀਆ ਦੌਰਾਨ ਆਏ ਰਿਜੀਜੂ ਅਤੇ ਸ਼ੈੱਟੀ ਨੇ ਇੱਕ ਫੁਟਬਾਲ ਮੈਚ ਤੋਂ ਬਾਅਦ ਸ਼ੁਟਆਊਟ ’ਚ ਵੀ ਹਿੱਸਾ ਲਿਆ। ਰਿਜਿਜੂ ਨੇ ਕਿਹਾ, ‘ਮੈਂ ਸਾਰੇ ਕੋਚਾਂ ਤੇ ਮਾਪਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਇਹ ਨਿਸ਼ਚਿਤ ਕਰਨ ਕਿ ਸਾਰੇ ਖਿਡਾਰੀ ਪਾਬੰਦੀਸ਼ੁਦਾ ਪਦਾਰਥਾਂ ਤੋਂ ਦੂਰ ਰਹਿਣ। ਅਸੀਂ ਉਨ੍ਹਾਂ ਦਾ ਹਰ ਕਦਮ ’ਤੇ ਸਾਥ ਦੇਵਾਂਗੇ।’