ਮੁੰਬਈ: ਭਾਰਤੀ ਰਿਜ਼ਰਵ ਬੈਂਕ ਨੇ ਵਧਦੀ ਮਹਿੰਗਾਈ ’ਤੇ ਕਾਬੂ ਪਾਉਣ ਅਤੇ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ ਲਈ ਅੱਜ ਲਗਾਤਾਰ ਤੀਜੀ ਵਾਰ ਰੈਪੋ ਦਰ 6.5 ਫ਼ੀਸਦੀ ’ਤੇ ਹੀ ਬਰਕਰਾਰ ਰੱਖੀ। ਹਾਲਾਂਕਿ, ਕੇਂਦਰੀ ਬੈਂਕ ਨੇ ਖ਼ੁਰਾਕਾਂ ਵਸਤਾਂ ਦੀਆਂ ਕੀਮਤਾਂ ਤੇਜ਼ੀ ਨਾਲ ਵਧਣ ’ਤੇ ਸਖ਼ਤ ਫ਼ੈਸਲੇ ਲੈਣ ਦਾ ਸੰਕੇਤ ਵੀ ਦਿੱਤਾ। ਰੈਪੋ ਦਰ ਨੂੰ ਬਰਕਰਾਰ ਰੱਖਣ ਦਾ ਅਰਥ ਹੈ ਕਿ ਹਾਲ ਦੀ ਘੜੀ ਮਕਾਨ, ਵਾਹਨ ਤੇ ਹੋਰ ਕਰਜ਼ਿਆਂ ਦੀ ਮਹੀਨਾਵਾਰ ਕਿਸ਼ਤ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ। ਇਸ ਦੇ ਨਾਲ ਹੀ ਕੇਂਦਰੀ ਬੈਂਕ ਨੇ ਚਾਲੂ ਵਿੱਤੀ ਸਾਲ ਲਈ ਜੀਡੀਪੀ ਦੇ ਅਨੁਮਾਨ ਨੂੰ ਵੀ 6.5 ਫ਼ੀਸਦੀ ਰੱਖਿਆ ਹੈ। ਹਾਲਾਂਕਿ ਚਾਲੂ ਵਿੱਤੀ ਵਰ੍ਹੇ 2023-24 ਲਈ ਮਹਿੰਗਾਈ ਦਾ ਅਨੁਮਾਨ 0.3 ਤੋਂ ਵਧਾ ਕੇ 5.4 ਫ਼ੀਸਦੀ ਕਰ ਦਿੱਤਾ ਗਿਆ ਹੈ। ਮੁਦਰਾ ਨੀਤੀ ਸਮਿਤੀ ਦੀ ਤਿੰਨ ਦਿਨਾ ਮੀਟਿੰਗ ਵਿੱਚ ਲਏ ਫ਼ੈਸਲੇ ਦੀ ਜਾਣਕਾਰੀ ਦਿੰਦਿਆਂ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਐੱਮਪੀਸੀ ਨੇ ਮੌਜੂਦਾ ਪ੍ਰਸਥਿਤੀਆਂ ਦੇ ਮੱਦੇਨਜ਼ਰ ਰੈਪੋ ਦਰ 6.5 ਫ਼ੀਸਦੀ ’ਤੇ ਹੀ ਕਾਇਮ ਰੱਖਣ ਦਾ ਫ਼ੈਸਲਾ ਕੀਤਾ ਹੈ।