ਮੁੰਬਈ: ਅਦਾਕਾਰਾ ਰਿਚਾ ਚੱਢਾ ਨੇ ਲੰਡਨ ਵਿੱਚ ਆਪਣੀ ਪਹਿਲੀ ਹੌਲੀਵੁੱਡ ਫਿਲਮ ‘ਆਈਨਾ’ ਦੀ ਸ਼ੁੂਟਿੰਗ ‘ਕ੍ਰੋਨੀਕਲਜ਼ ਆਫ ਨਾਰਨੀਆ’ ਦੇ ਅਦਾਕਾਰ ਵਿਲੀਅਮ ਮੋਸਲੇ ਨਾਲ ਸ਼ੁਰੂ ਕਰ ਦਿੱਤੀ ਹੈ। ਅਸਲ ਜ਼ਿੰਦਗੀ ਦੀਆਂ ਘਟਨਾਵਾਂ ’ਤੇ ਆਧਾਰਿਤ ਇਸ ਫਿਲਮ ਦੀ ਸ਼ੂਟਿੰਗ ਲੰਡਨ ਅਤੇ ਭਾਰਤ ਵਿੱਚ ਹੋਵੇਗੀ, ਜਿਸਦਾ ਨਿਰਦੇਸ਼ਨ ਮਾਰਕਸ ਮੀਡਟ ਦੁਆਰਾ ਕੀਤਾ ਜਾ ਰਿਹਾ ਹੈ। ਇਸ ਦੀ ਸ਼ੂਟਿੰਗ ਸਤੰਬਰ ਵਿੱਚ ਭਾਰਤ ਦੀਆਂ ਵੱਖ-ਵੱਖ ਥਾਵਾਂ ’ਤੇ ਕੀਤੀ ਜਾਵੇਗੀ। ਰਿਚਾ ਨੇ ਕਿਹਾ ਕਿ ‘ਆਇਨਾ’ ਦੀ ਕਹਾਣੀ ਦਿਲਚਸਪ ਹੈ ਅਤੇ ਉਹ ਇਸ ਫਿਲਮ ਨਾਲ ਆਪਣੇ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕਰ ਕੇ ਖੁਸ਼ ਹੈ। ਉਸ ਨੇ ਕਿਹਾ,‘‘ਮੈਂ ਹੌਲੀਵੁੱਡ ਪ੍ਰਾਜੈਕਟਾਂ ਲਈ ਕੁਝ ਕਹਾਣੀਆਂ ਪੜ੍ਹੀਆਂ ਸਨ ਪਰ ਉਹ ਕੁਝ ਖਾਸ ਨਹੀਂ ਸਨ। ਜਦੋਂ ‘ਆਇਨਾ’ ਮੇਰੇ ਕੋਲ ਪਹੁੰਚੀ ਤਾਂ ਮੈਨੂੰ ਪਤਾ ਸੀ ਕਿ ਇਹ ਉਹੀ ਕਹਾਣੀ ਹੈ, ਜਿਸ ਦੀ ਮੈਨੂੰ ਉਡੀਕ ਸੀ ਅਤੇ ਹੁਣ ਅਸਲ ਵਿੱਚ ਮੈਂ ਹੌਲੀਵੁੱਡ ਫਿਲਮ ਕਰਨ ਜਾ ਰਹੀ ਹਾਂ। ਫਿਲਮ ਦੀ ਕਹਾਣੀ ਬਹੁਤ ਦਿਲਚਸਪ ਹੈ।’’ ਅਦਾਕਾਰਾ ਨੇ ਕਿਹਾ, ‘‘ਫਿਲਮ ਨੂੰ ਪੂਰੀ ਤਰ੍ਹਾਂ ਯੂਕੇ ਵਿੱਚ ਸ਼ੂਟ ਕੀਤਾ ਗਿਆ ਅਤੇ ਉਨ੍ਹਾਂ ਦਾ ਕੰਮ ਕਰਨ ਦਾ ਤਰੀਕਾ, ਸਾਡੇ ਨਾਲੋਂ ਬਹੁਤ ਵੱਖਰਾ ਹੈ। ਭਾਰਤੀ ਫਿਲਮ ਜਗਤ ਵਿੱਚ ਕਈ ਸਾਲਾਂ ਦੇ ਤਜਰਬੇ ਦੇ ਬਾਵਜੂਦ, ਮੈਂ ਇਥੇ ਆਪਣੇ ਆਪ ਨੂੰ ਨਵਾਂ ਮਹਿਸੂਸ ਕੀਤਾ।’’ ਇਹ ਫਿਲਮ ਬਿੱਗ ਕੈਟ ਫਿਲਮਜ਼ ਯੂਕੇ ਦੁਆਰਾ ਬਣਾਈ ਜਾ ਰਹੀ ਹੈ ਅਤੇ ਇਸ ਦੇ ਨਿਰਮਾਤਾ ਗੀਤਾ ਭੱਲਾ ਅਤੇ ਪੀ.ਜੇ. ਸਿੰਘ ਹਨ। ਰਿਚਾ ਇਸ ਤੋਂ ਇਲਾਵਾ ਆਪਣੀ ਅਗਲੀ ਹਿੰਦੀ ਫਿਲਮ ‘‘ਫੁਕਰੇ-3’’ ਵਿੱਚ ਨਜ਼ਰ ਆਵੇਗੀ।