ਉਦੈਪੁਰ, 30 ਜੂਨ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਜੇਕਰ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਦੇ ਹਨ ਤਾ ਘੁਟਾਲੇ ਤੇ ਭ੍ਰਿਸ਼ਟਾਚਾਰ ਭਾਰਤ ਦਾ ਨਸੀਬ ਬਣ ਜਾਣਗੇ ਅਤੇ ਜੇਕਰ ਨਰਿੰਦਰ ਮੋਦੀ ਮੁਡ਼ ਤੋਂ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਧੋਖੇਬਾਜ਼ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਣਗੇ।
ਸ਼ਾਹ ਨੇ ਰਾਜਸਥਾਨ ਦੀ ਕਾਂਗਰਸ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਜੇਕਰ ਉਸ ਨੇ ਪਿਛਲੇ ਸਾਲ ਉਦੈਪੁਰ ’ਚ ਹੋਏ ਕਨ੍ਹੱਈਆ ਲਾਲ ਕਤਲ ਕੇਸ ’ਚ ਵਿਸ਼ੇਸ਼ ਅਦਾਲਤ ਦਾ ਗਠਨ ਕੀਤਾ ਹੁੰਦਾ ਤਾਂ ਹੁਣ ਤੱਕ ਦੋਸ਼ੀਆਂ ਨੂੰ ਫਾਂਸੀ ਦਾ ਸਜ਼ਾ ਹੋ ਗਈ ਹੁੰਦੀ। ਉਨ੍ਹਾਂ ਗਹਿਲੋਤ ਸਰਕਾਰ ’ਤੇ ਭ੍ਰਿਸ਼ਟਾਚਾਰ ’ਚ ਨੰਬਰ ਇੱਕ ਹੋਣ ਦਾ ਦੋਸ਼ ਲਾਇਆ ਤੇ ਲੋਕਾਂ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਸਰਕਾਰ ਨੂੰ ਗੱਦੀਓਂ ਲਾਹੁਣ ਦਾ ਸੱਦਾ ਦਿੱਤਾ।
ਉਨ੍ਹਾਂ ਭਰੋਸਾ ਜ਼ਾਹਿਰ ਕੀਤਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣੇਗੀ ਅਤੇ 2024 ਦੀਆਂ ਲੋਕ ਸਭਾ ਚੋਣਾਂ ’ਚ 300 ਸੀਟਾਂ ਜਿੱਤ ਕੇ ਮੋਦੀ ਮੁਡ਼ ਪ੍ਰਧਾਨ ਮੰਤਰੀ ਬਣਨਗੇ। ਰੈਲੀ ਦੌਰਾਨ ਉਨ੍ਹਾਂ ਮੋਦੀ ਸਰਕਾਰ ਦੀਆਂ ਪਿਛਲੇ ਨੌਂ ਸਾਲਾਂ ਦੀਆਂ ਪ੍ਰਾਪਤੀਆਂ ਵੀ ਗਿਣਾਈਆਂ। ਵਿਰੋਧੀ ਧਿਰਾਂ ਦੀ ਪਟਨਾ ’ਚ ਹੋਈ ਮੀਟਿੰਗ ’ਤੇ ਤਨਜ਼ ਕਸਦਿਆਂ ਉਨ੍ਹਾਂ ਕਿਹਾ ਕਿ ਜੋ ਲੋਕ ਉੱਥੇ ਇਕੱਠੇ ਹੋਏ ਸਨ ਉਹ ਭ੍ਰਿਸ਼ਟਾਚਾਰ ’ਚ ਸ਼ਾਮਲ ਸਨ ਅਤੇ ਲੋਕਾਂ ਦਾ ਭਲਾ ਨਹੀਂ ਕਰਨਾ ਚਾਹੁੰਦੇ। ਉਹ ਆਪੋ-ਆਪਣੇ ਪੁੱਤਰਾਂ ਦਾ ਭਵਿੱਖ ਲੱਭ ਰਹੇ ਹਨ।