ਨਵੀਂ ਦਿੱਲੀ, 28 ਸਤੰਬਰ

ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਆਨੰਦ ਵਿਹਾਰ ਰੇਲਵੇ ਸਟੇਸ਼ਨ ’ਤੇ ਕੁਲੀਆਂ ਨਾਲ ਮੁਲਾਕਾਤ ਦੀ ਵੀਡੀਓ ਸਾਂਝੀ ਕਰਦਿਆਂ ਅੱਜ ‘ਰਿਕਾਰਡ ਬੇਰੁਜ਼ਗਾਰੀ’ ਅਤੇ ‘ਲੱਕ ਤੋੜਵੀਂ ਮਹਿੰਗਾਈ’ ਦੇ ਮੁੱਦੇ ਉਠਾਏ ਹਨ। ਉਨ੍ਹਾਂ ਨੇ ਲੰਘੀ 21 ਸਤੰਬਰ ਨੂੰ ਕੁਲੀਆਂ ਦੀਆਂ ਮੁਸ਼ਕਲਾਂ ਸੁਣੀਆਂ ਸਨ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੁਲੀਆਂ ਨਾਲ ਮੁਲਾਕਾਤ ਦੀ ਵੀਡੀਓ ਸਾਂਝੀ ਕਰਦਿਆਂ ਕਿਹਾ, ‘‘ਉਨ੍ਹਾਂ (ਕੁਲੀਆਂ) ਨੂੰ ਰੇਲਵੇ ਵੱਲੋਂ ਤਨਖਾਹ, ਪੈਨਸ਼ਨ ਜਾਂ ਸਿਹਤ ਬੀਮਾ ਸਹੂਲਤ ਦਾ ਲਾਭ ਨਹੀਂ ਮਿਲਦਾ। ਭਾਰਤ ਦਾ ਭਾਰ ਚੁੱਕਣ ਵਾਲਿਆਂ ਦੇ ਮੋਢੇ ਅੱਜ ਮਜਬੂੁਰੀਆਂ ਨਾਲ ਝੁਕੇ ਹੋਏ ਹਨ। ਪਰ ਕਰੋੜਾਂ ਭਾਰਤੀਆਂ ਵਾਂਗ ਉਨ੍ਹਾਂ ਨੂੰ ਉਮੀਦ ਹੈ ਕਿ ਸਮਾਂ ਜ਼ਰੂਰ ਬਦਲੇਗਾ।’’

ਪਾਰਟੀ ਵੱਲੋਂ ਜਾਰੀ ਬਿਆਨ ’ਚ ਗਾਂਧੀ ਦੇ ਹਵਾਲੇ ਨਾਲ ਕਿਹਾ ਗਿਆ, ‘‘ਕੁਲੀ ਭਰਾਵਾਂ ਨੇ ਉਨ੍ਹਾਂ ਨੂੰ ਮਿਲਣ ਦੀ ਅਪੀਲ ਕੀਤੀ। ਮੌਕਾ ਮਿਲਣ ’ਤੇ ਮੈਂ ਦਿੱਲੀ ’ਚ ਆਨੰਦ ਵਿਹਾਰ ਰੇਲਵੇ ਟਰਮੀਨਲ ’ਤੇ ਪਹੁੰਚਿਆ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਨੇੜਿਓਂ ਜਾਣਿਆਂ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਸਮਝਿਆ।’’ ਗਾਂਧੀ ਨੇ ਕਿਹਾ, ‘‘ਕੁਲੀ, ਭਾਰਤ ਦੇ ਸਭ ਤੋਂ ਵੱਧ ਮਿਹਨਤਕਸ਼ ਵਰਗ ਵਿੱਚੋਂ ਹਨ। ਪੀੜ੍ਹੀ ਦਰ ਪੀੜ੍ਹੀ, ਕਰੋੜਾਂ ਯਾਤਰੀਆਂ ਦੇ ਸਫਰ ’ਚ ਮਦਦ ਕਰਕੇ ਉਹ ਆਪਣੀ ਜ਼ਿੰਦਗੀ ਬਿਤਾ ਰਹੇ ਹਨ। ਕਿੰਨਿਆਂ ਦੀ ਬਾਂਹ ’ਤੇ ਲੱਗਾ ਉਹ ਬਿੱਲਾ ਸਿਰਫ ਪਛਾਣ ਹੀ ਨਹੀਂ ਬਲਕਿ ਉਨ੍ਹਾਂ ਨੂੰ ਮਿਲੀ ਵਿਰਾਸਤ ਵੀ ਹੈ। ਜ਼ਿੰਮੇਵਾਰੀ ਉਨ੍ਹਾਂ ਦੇ ਹਿੱਸੇ ਆ ਜਾਂਦੀ ਹੈ ਪਰ ਤਰੱਕੀ ਨਾਂਹ ਦੇ ਬਰਾਬਰ।’’ ਉਨ੍ਹਾਂ ਦਾਅਵਾ ਕੀਤਾ, ‘‘ਅੱਜ ਭਾਰਤ ’ਤੇ ਲੱਖਾਂ ਪੜ੍ਹੇ ਲਿਖੇ ਨੌਜਵਾਨ ਰੇਲਵੇ ਸਟੇਸ਼ਨ ’ਤੇ ਕੁਲੀ ਦਾ ਕੰਮ ਕਰਕੇ ਆਪਣੀ ਰੋਜ਼ੀ-ਰੋਟੀ ਕਮਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਾਰਨ? ਰਿਕਾਰਡ ਬੇਰੁਜ਼ਗਾਰੀ। ਦੇਸ਼ ਦਾ ਪੜ੍ਹਿਆ-ਲਿਖਿਆ ਨਾਗਰਿਕ ਦੋ ਵਕਤ ਦੀ ਰੋਟੀ ਕਮਾਉਣ ਲਈ ਸੰਘਰਸ਼ ਕਰ ਰਿਹਾ ਹੈ।’’

ਗਾਂਧੀ ਨੇ ਕਿਹਾ ਕਿ ਉਹ ਰੋਜ਼ਾਨਾ 400 ਤੋਂ 500 ਰੁਪਏ ਰੋਜ਼ਾਨਾ ਕਮਾਉਂਦੇ ਹਨ, ਜਿਸ ਨਾਲ ਘਰ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ, ਬੱਚਤ ਦਾ ਤਾਂ ਸਵਾਲ ਹੀ ਨਹੀਂ ਉੱਠਦਾ। ਕਾਰਨ? ਲੱਕ ਤੋੜਵੀਂ ਮਹਿੰਗਾਈ। ਖਾਣਾ ਮਹਿੰਗਾ, ਰਹਿਣਾ ਮਹਿੰਗਾ, ਪੜ੍ਹਾਈ ਮਹਿੰਗੀ, ਸਿਹਤ ਸੰਭਾਲ ਮਹਿੰਗੀ, ਉਹ ਗੁਜ਼ਾਰਾ ਕਵਿੇਂ ਕਰ ਸਕਦੇ ਹਨ?