ਸਾਊਥੈਂਪਟਨ, 19 ਜੂਨ
ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਦੀ ਸਲਾਮੀ ਜੋੜੀ ਦੀ ਸਫਲਤਾ ਦਾ ਰਾਜ ਉਸ ਦਾ ਆਪਸੀ ਤਾਲਮੇਲ ਰਿਹਾ ਹੈ ਅਤੇ ਭਾਰਤੀ ਉਪ ਕਪਤਾਨ ਵਿਸ਼ਵ ਕੱਪ ਦੇ ਬਾਕੀ ਮੈਚਾਂ ਵਿੱਚ ਕੇਐਲ ਰਾਹੁਲ ਨਾਲ ਵੀ ਤਾਲਮੇਲ ਬਿਠਾਉਣਾ ਚਾਹੁੰਦਾ ਹੈ। ਧਵਨ ਦੇ ਸੱਟ ਲੱਗਣ ਕਾਰਨ ਰਾਹੁਲ ਨੂੰ ਵਿਸ਼ਵ ਕੱਪ ਵਿੱਚ ਪਾਕਿਸਤਾਨ ਖ਼ਿਲਾਫ਼ ਰੋਹਿਤ ਨਾਲ ਸਲਾਮੀ ਪਾਰੀ ਦਾ ਆਗਾਜ਼ ਕਰਨਾ ਪਿਆ।
ਰੋਹਿਤ ਨੇ ਰਾਹੁਲ ਨੂੰ ਪਹਿਲੀ ਸਟਰਾਈਕ ਲੈਣ ਦਿੱਤੀ, ਜਦਕਿ ਧਵਨ ਦੇ ਹੋਣ ’ਤੇ ਉਹ ਖ਼ੁਦ ਅਜਿਹਾ ਕਰਦਾ ਹੈ। ਉਸ ਨੇ ਕਿਹਾ, ‘‘ਕੇਐਲ ਨੂੰ ਸਟਰਾਈਕ ਲੈਣਾ ਪਸੰਦ ਹੈ ਅਤੇ ਮੈਂ ਉਸ ਨੂੰ ਦਿੱਤੀ ਕਿਉਂਕਿ ਮੈਂ ਚਾਹੁੰਦਾ ਸੀ ਕਿ ਉਹ ਸਹਿਜ ਹੋ ਕੇ ਆਪਣੇ ਹਿਸਾਬ ਨਾਲ ਖੇਡੇ। ਉਹ ਸਲਾਮੀ ਬੱਲੇਬਾਜ਼ ਵਜੋਂ ਇੱਥੇ ਪਹਿਲਾ ਮੈਚ ਖੇਡ ਰਿਹਾ ਸੀ ਅਤੇ ਮੈਂ ਉਸ ਨੂੰ ਪੂਰੀ ਤਰ੍ਹਾਂ ਸਹਿਜ ਕਰਨਾ ਚਾਹੁੰਦਾ ਸੀ।’’ ਰਾਹੁਲ ਨੇ ਕਿਹਾ, ‘‘ਸ਼ਿਖਰ ਅਤੇ ਰੋਹਿਤ ਪਿਛਲੇ ਤਿੰਨ-ਚਾਰ ਸਾਲ ਤੋਂ ਸ਼ਾਨਦਾਰ ਸ਼ੁਰੂਆਤ ਕਰ ਰਹੇ ਹਨ। ਮੈਨੂੰ ਆਪਣੇ ਲਈ ਉਡੀਕ ਕਰਨੀ ਪਈ ਅਤੇ ਮੈਨੂੰ ਖ਼ੁਸ਼ੀ ਹੈ ਕਿ ਮੈਂ ਪਾਰੀ ਦਾ ਆਗਾਜ਼ ਕੀਤਾ।’’
ਦੋਵਾਂ ਵਿਚਾਲੇ 136 ਦੌੜਾਂ ਦੀ ਭਾਈਵਾਲੀ ਦੌਰਾਨ ਕੁੱਝ ਮੌਕੇ ਅਜਿਹੇ ਆਏ, ਜਦੋਂ ਤਾਲਮੇਲ ਨਾ ਹੋਣ ਕਾਰਨ ਰੋਹਿਤ ਰਨ ਆਊਟ ਹੋ ਸਕਦਾ ਸੀ। ਰੋਹਿਤ ਨੇ ਕਿਹਾ ਕਿ ਇਹ ਇੱਕ ਨਵੀਂ ਤਰ੍ਹਾਂ ਦੀ ਅਜ਼ਮਾਇਸ਼ ਹੈ, ਪਰ ਕੌਮਾਂਤਰੀ ਕ੍ਰਿਕਟ ਵਿੱਚ ਹਰ ਰੋਜ਼ ਇੱਕ ਨਵੀਂ ਚੁਣੌਤੀ ਸਾਹਮਣੇ ਹੁੰਦੀ ਹੈ। ਰਾਹੁਲ ਲਈ ਸਭ ਤੋਂ ਵੱਡੀ ਚੁਣੌਤੀ ਮੁਹੰਮਦ ਆਮਿਰ ਦਾ ਪਹਿਲਾ ਸਪੈਲ ਖੇਡਣਾ ਸੀ।