ਲੁਧਿਆਣਾ, 5 ਦਸੰਬਰ
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਦੇ ਆਲ ਇੰਡੀਆ ਕਾਂਗਰਸ ਕਮੇਟੀ ਦਾ ਪ੍ਰਧਾਨ ਬਣ ਜਾਣ ਨਾਲ ਕਾਂਗਰਸ ਨੂੰ ਕੋਈ ਲਾਭ ਨਹੀਂ ਹੋਵੇਗਾ ਕਿਉਂਕਿ ਰਾਹੁਲ ਦੀ ਦੇਖ-ਰੇਖ ਹੇਠ ਹੁਣ ਤੱਕ ਜਿੰਨੀਆਂ ਵੀ ਚੋਣਾਂ ਹੋਈਆਂ ਹਨ, ਉਨ੍ਹਾਂ ਵਿੱਚ ਕਾਂਗਰਸ ਨੂੰ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ ਹੈ।
ਸ੍ਰੀ ਮਜੀਠੀਆ ਅੱਜ ਇੱਥੇ ਜ਼ਿਲ੍ਹਾ ਕਚਹਿਰੀ ਵਿੱਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਹ ਇੱਥੇ ਅਦਾਲਤ ਵਿੱਚ ਪੇਸ਼ ਹੋਏ। ਉਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਖ਼ਿਲਾਫ਼ ਲੁਧਿਆਣਾ ਦੀ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਬੇਸ਼ਕ ਸ੍ਰੀਮਤੀ ਸੋਨੀਆ ਗਾਂਧੀ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਸਨ ਪਰ ਰਾਹੁਲ ਹੀ ਸਾਰੀਆਂ ਸਰਗਰਮੀਆਂ ਚਲਾਉਂਦੇ ਸਨ ਅਤੇ ਹਰ ਚੋਣ ਵਿੱਚ ਉਹ ਸਟਾਰ ਪ੍ਰਚਾਰਕ ਹੁੰਦੇ ਸਨ ਪਰ ਉਨ੍ਹਾਂ ਦੀ ਅਗਵਾਈ ਹੇਠ ਇੱਕ ਵੀ ਚੋਣ ਨਹੀਂ ਜਿੱਤੀ ਜਾ ਸਕੀ। ਉਨ੍ਹਾਂ ਚੁਟਕੀ ਲੈਂਦਿਆਂ ਕਿਹਾ ਕਿ ਹੁਣ ਰਾਹੁਲ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਦੀ ਰਹਿੰਦੀ ਕਸਰ ਵੀ ਪੂਰੀ ਹੋ ਜਾਵੇਗੀ।
ਸ੍ਰੀ ਮਜੀਠੀਆ ਨੇ ਦੋਸ਼ ਲਾਇਆ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਆਪਸ ਵਿੱਚ ਰਲੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ‘ਆਪ’ ਦੇ ਬੁਲਾਰੇ ਅਸ਼ੀਸ਼ ਖੇਤਾਨ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਜਿੰਨੇ ਵੀ ਮਾਮਲੇ ਚੱਲ ਰਹੇ ਹਨ, ਅਦਾਲਤ ਵਿੱਚ ਉਨ੍ਹਾਂ ਦੀ ਪੈਰਵੀ ਕਾਂਗਰਸੀ ਆਗੂ ਮੁਨੀਸ਼ ਤਿਵਾੜੀ ਕਰ ਰਿਹਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਜਿੰਨੀਆਂ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ, ਉਨ੍ਹਾਂ ਪਿੱਛੇ ਕਾਂਗਰਸੀਆਂ ਦਾ ਹੀ ਹੱਥ ਸੀ, ਜੋ ਕਿ ਪੰਜਾਬ ਦੀ ਪਿਛਲੀ ਅਕਾਲੀ-ਭਾਜਪਾ ਸਰਕਾਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦਾ ਹਿੱਸਾ ਸਨ। ਉਨ੍ਹਾ ਦੋਸ਼ ਲਾਇਆ ਕਿ ਬੇਅਦਬੀ ਦੀਆਂ ਘਟਨਾਵਾਂ ਬਾਬਤ ਹੁਣ ਕੈਪਟਨ ਸਰਕਾਰ ਵੱਲੋਂ ਜੋ ਕਮਿਸ਼ਨ ਕਾਇਮ ਕੀਤੇ ਗਏ ਹਨ, ਉਹ ਸਿਰਫ਼ ਕਾਂਗਰਸੀਆਂ ਨੂੰ ਬਰੀ ਕਰਨ ਲਈ ਬਣਾਏ ਗਏ ਹਨ।