ਨਵੀਂ ਦਿੱਲੀ, 23 ਅਗਸਤ
ਕਾਂਗਰਸ ਨੇ ਅੱਜ ਕਿਹਾ ਕਿ ਰਾਹੁਲ ਗਾਂਧੀ ਦੀ ਲੱਦਾਖ ਯਾਤਰਾ ‘ਭਾਰਤ ਜੋੜੋ ਯਾਤਰਾ’ ਦੀ ਅਗਲੀ ਕੜੀ ਹੈ ਕਿਉਂਕਿ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਉਨ੍ਹਾਂ ਦੀ ਯਾਤਰਾ ਉਨ੍ਹਾਂ ਦੇ ਦੇਸ਼ ਵਿਆਪੀ ਮਾਰਚ ਦੌਰਾਨ ਉੱਥੋਂ ਦੇ ਇੱਕ ਵਫ਼ਦ ਨਾਲ ਕੀਤੀ ਗਈ ਪ੍ਰਤੀਬੱਧਤਾ ਪੂਰੀ ਕਰਨ ਲਈ ਹੈ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਪਿਛਲੇ ਸਾਲ ਸਤੰਬਰ ਤੋਂ ਇਸ ਸਾਲ ਜਨਵਰੀ ਤੱਕ ਹਜ਼ਾਰਾਂ ਦੀ ਗਿਣਤੀ ’ਚ ਲੋਕਾਂ ਨਾਲ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਤਕਰੀਬਨ ਚਾਰ ਹਜ਼ਾਰ ਕਿਲੋਮੀਟਰ ਦੀ ਪੈਦਲ ਯਾਤਰਾ ਕੀਤੀ ਸੀ।
ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਪੋਸਟ ਕੀਤਾ, ‘ਇਸ ਸਾਲ ਦੀ ਸ਼ੁਰੂਆਤ ਵਿੱਚ 24 ਜਨਵਰੀ ਨੂੰ ‘ਭਾਰਤ ਜੋੜੋ ਯਾਤਰਾ’ ਦੌਰਾਨ ਰਾਹੁਲ ਗਾਂਧੀ ਜੰਮੂ ਦੇ ਝੱਜਰ ਕੋਟਲੀ ’ਚ ਲੱਦਾਖ ਦੇ ਇੱਕ ਵਫ਼ਦ ਨੂੰ ਮਿਲੇ ਸੀ। ਉਸ ਵਫ਼ਦ ’ਚ ਸ਼ਾਮਲ ਲੋਕ ਚਾਹੁੰਦੇ ਸੀ ਕਿ ਰਾਹੁਲ ਗਾਂਧੀ ਲੱਦਾਖ ਆਉਣ ਅਤੇ ਚੀਨ ਨਾਲ ਲੱਗਦੀ ਸਰਹੱਦ ਨਾਲ ਸਬੰਧਤ ਚੁਣੌਤੀਆਂ ਬਾਰੇ ਲੋਕਾਂ ਦੇ ਤਜਰਬਿਆਂ ਦੇ ਨਾਲ ਨਾਲ ਸਥਾਨਕ ਚੁਣੀਆਂ ਹੋਈਆਂ ਸੰਸਥਾਵਾਂ ਦੇ ਸ਼ਕਤੀਕਰਨ ਬਾਰੇ ਉਨ੍ਹਾਂ ਦੇ ਵਿਚਾਰ ਵੀ ਸੁਣਨ।
ਰਮੇਸ਼ ਨੇ ਕਿਹਾ ਕਿ ਰਾਹੁਲ ਗਾਂਧੀ ਲੰਘੇ ਵੀਰਵਾਰ ਨੂੰ ਲੇਹ ਦੇ ਦੋ ਰੋਜ਼ਾ ਦੌਰੇ ’ਤੇ ਆਏ ਸੀ ਪਰ ਬਾਅਦ ਵਿੱਚ ਉਨ੍ਹਾਂ ਪੈਂਗੌਂਗ ਝੀਲ, ਨੁਬਰਾ ਵੈਲੀ ਤੇ ਕਾਰਗਿਲ ਜ਼ਿਲ੍ਹੇ ਤੱਕ ਜਾਣ ਲਈ ਇੱਥੇ ਚਾਰ ਦਿਨ ਹੋਰ ਰੁਕਣ ਦਾ ਫ਼ੈਸਲਾ ਕੀਤਾ ਹੈ। ਕਈ ਮਾਇਨਿਆਂ ’ਚ ਇਹ ਲੱਦਾਖ ਯਾਤਰਾ ‘ਭਾਰਤ ਜੋੜੋ ਯਾਤਰਾ’ ਦੀ ਹੀ ਅਗਲੀ ਕੜੀ ਹੈ। ਰਾਹੁਲ ਗਾਂਧੀ ਨੇ ਲੰਘੀ ਦੇਰ ਸ਼ਾਮ ਨੂੰ ਲੇਹ ਦੇ ਬਾਜ਼ਾਰ ਵਿੱਚ ਲੋਕਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਲੋਕਾਂ ਨਾਲ ਮੁਲਾਕਾਤ ਦੀਆਂ ਕੁਝ ਤਸਵੀਰਾਂ ਦੀ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ‘ਭਾਰਤ ਜੋੜੋ ਯਾਤਰਾ’ ਹਰ ਭਾਰਤੀ ਦੇ ਦਿਲ ਤੇ ਦਿਮਾਗ ’ਚ ਵਸੀ ਹੋਈ ਹੈ। ਉਨ੍ਹਾਂ ਕਿਹਾ ਕਿ ਲੇਹ ਦੀਆਂ ਸੜਕਾਂ ’ਤੇ ਗੂੰਜਦਾ ਭਾਰਤ ਮਾਤਾ ਦੀ ਜੈ ਦਾ ਨਾਅਰਾ ਇਸ ਏਕਤਾ ਦੀ ਮਜ਼ਬੂਤ ਮਿਸਾਲ ਹੈ। ਇਸ ਆਵਾਜ਼ ਨੂੰ ਕੋਈ ਤਾਕਤ ਦਬਾ ਨਹੀਂ ਸਕਦੀ। ਇਸੇ ਦੌਰਾਨ ਰਾਹੁਲ ਗਾਂਧੀ ਆਪਣੀ ਮੋਟਰਸਾਈਕਲ ਯਾਤਰਾ ਕਰਦੇ ਹੋਏ ਅੱਜ ਲਾਮਾਯੁਰੂ ਪਹੁੰਚ ਗਏ ਹਨ।