ਨਵੀਂ ਦਿੱਲੀ, 1 ਅਕਤੂਬਰ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ 3 ਤੋਂ 5 ਅਕਤੂਬਰ ਨੂੰ ਪੰਜਾਬ ਤੇ ਹਰਿਆਣਾ ਵਿੱਚ ਟਰੈਕਟਰ ਰੈਲੀਆਂ ਕੱਢਣਗੇ। ਰਾਹੁਲ ਗਾਂਧੀ ਦੇ ਤਜਵੀਜ਼ਤ ਪ੍ਰੋਗਰਾਮ ਮੁਤਾਬਕ ਉਹ 3 ਅਕਤੂਬਰ ਨੂੰ ਮੋਗਾ ਪੁੱਜਣਗੇ, ਜਿੱਥੋਂ ਉਹ ਬੱਧਣੀ ਕਲਾਂ ਪਿੰਡ ਤੋਂ ਟਰੈਕਟਰ ਰੈਲੀ ਦੀ ਅਗਵਾਈ ਕਰਦਿਆਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜੱਟਪੁਰਾ ਪੁੱਜਣਗੇ। ਅਗਲੇ ਦਿਨ 4 ਅਕਤੂਬਰ ਨੂੰ ਰਾਹੁਲ ਇਕ ਹੋਰ ਟਰੈਕਟਰ ਰੈਲੀ ਕੱਢਣਗੇ, ਜੋ ਸੰਗਰੂਰ ਤੋਂ ਸ਼ੁਰੂ ਹੋ ਕੇ ਸਮਾਣਾ ਜਾ ਕੇ ਸਮਾਪਤ ਹੋਵੇਗੀ। ਆਖਰੀ ਰੈਲੀ ਪਟਿਆਲਾ ਤੋਂ ਹਰਿਆਣਾ ਦੇ ਪਿਹੋਵਾ ਲਈ ਹੋਵੇਗੀ। ਰਾਹੁਲ ਦੀਆਂ ਇਨ੍ਹਾਂ ਟਰੈਕਟਰ ਰੈਲੀਆਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ, ਪੰਜਾਬ ਦੇ ਸਾਰੇ ਮੰਤਰੀ ਤੇ ਕਾਂਗਰਸੀ ਵਿਧਾਇਕ ਸ਼ਾਮਲ ਹੋਣਗੇ।