ਨਵੀਂ ਦਿੱਲੀ: ਸੰਸਦ ਦਾ ਬਜਟ ਸੈਸ਼ਨ ਬੁੱਧਵਾਰ ਨੂੰ ਉਸ ਸਮੇਂ ਹਫੜਾ-ਦਫੜੀ ਵਿੱਚ ਪੈ ਗਿਆ ਜਦੋਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸਰਕਾਰ ‘ਤੇ ਅਮਰੀਕਾ ਨਾਲ ਵਪਾਰਕ ਸਮਝੌਤਿਆਂ ਵਿੱਚ ਭਾਰਤ ਦੇ ਹਿੱਤਾਂ ਨੂੰ “ਵੇਚਣ” ਦਾ ਦੋਸ਼ ਲਗਾਇਆ। ਇਸ ਤਿੱਖੇ ਹਮਲੇ ਦੇ ਜਵਾਬ ਵਿੱਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਰਾਹੁਲ ਗਾਂਧੀ ਖ਼ਿਲਾਫ਼ ਵਿਸ਼ੇਸ਼ ਅਧਿਕਾਰ ਉਲੰਘਣਾ ਦਾ ਨੋਟਿਸ ਦਰਜ ਕਰਨ ਦਾ ਐਲਾਨ ਕੀਤਾ ਹੈ।

ਬਜਟ ਬਹਿਸ ਦੌਰਾਨ, ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਦੀਆਂ ਵਿਦੇਸ਼ ਅਤੇ ਆਰਥਿਕ ਨੀਤੀਆਂ ਨੂੰ ਨਿਸ਼ਾਨੇ ‘ਤੇ ਲਿਆ ਤੇ ਦੋਸ਼ ਲਗਾਇਆ ਕਿ ਅਮਰੀਕਾ ਨਾਲ ਵਪਾਰ ਸਮਝੌਤੇ ਵਿੱਚ ਭਾਰਤ ਦੇ ਹਿੱਤਾਂ ਨਾਲ ਸਮਝੌਤਾ ਕੀਤਾ ਗਿਆ ਹੈ।ਉਨ੍ਹਾਂ ਕਿਹਾ, “ਜੇਕਰ ਭਾਰਤ ਇੱਕ ਗੱਠਜੋੜ ਸਰਕਾਰ ਹੁੰਦੀ, ਤਾਂ ਅਸੀਂ ਬਰਾਬਰੀ ਦੀਆਂ ਸ਼ਰਤਾਂ ‘ਤੇ ਗੱਲ ਕਰਦੇ। ਅਸੀਂ ਅਮਰੀਕੀ ਰਾਸ਼ਟਰਪਤੀ ਨੂੰ ਕਹਿੰਦੇ ਕਿ ਅਸੀਂ ਤੁਹਾਡੇ ਨੌਕਰ ਨਹੀਂ ਹਾਂ।”

ਉਨ੍ਹਾਂ ਦਾਅਵਾ ਕੀਤਾ ਕਿ ਹੁਣ ਅਮਰੀਕਾ ਇਹ ਫੈਸਲਾ ਕਰਦਾ ਹੈ ਕਿ ਭਾਰਤ ਕਿਸ ਤੋਂ ਤੇਲ ਖਰੀਦਦਾ ਹੈ। ਗਾਂਧੀ ਦੇ ਅਨੁਸਾਰ, ਪ੍ਰਧਾਨ ਮੰਤਰੀ ਮੋਦੀ ਹੁਣ ਇਹ ਫੈਸਲਾ ਨਹੀਂ ਲੈ ਰਹੇ ਹਨ। ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਮੌਜੂਦਾ ਨੀਤੀਆਂ ਨੇ ਭਾਰਤੀ ਕਿਸਾਨਾਂ ਨੂੰ ਕੁਚਲਣ ਦਾ ਰਾਹ ਖੋਲ੍ਹ ਦਿੱਤਾ ਹੈ।

ਰਾਹੁਲ ਗਾਂਧੀ ਦੇ ਭਾਸ਼ਣ ਤੋਂ ਤੁਰੰਤ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ, ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਗੈਰ-ਸੰਸਦੀ ਕਰਾਰ ਦਿੱਤਾ ਹੈ। ਰਿਜੀਜੂ ਨੇ ਕਿਹਾ ਕਿ ਰਾਹੁਲ ਗਾਂਧੀ ਬਿਨਾਂ ਕਿਸੇ ਸਬੂਤ ਜਾਂ ਪਹਿਲਾਂ ਤੋਂ ਸੂਚਨਾ ਦਿੱਤੇ ਗੰਭੀਰ ਦੋਸ਼ ਲਗਾ ਰਹੇ ਹਨ। ਰਿਜਿਜੂ ਨੇ ਕਿਹਾ, “ਰਾਹੁਲ ਗਾਂਧੀ ਨੇ ਦਾਅਵਾ ਕੀਤਾ ਸੀ ਕਿ ਕਿਸੇ ਨੇ ਭਾਰਤ ਨੂੰ ਵੇਚ ਦਿੱਤਾ ਹੈ। ਕੋਈ ਵੀ ਭਾਰਤ ਨੂੰ ਖਰੀਦਣ ਜਾਂ ਵੇਚਣ ਬਾਰੇ ਸੋਚ ਵੀ ਨਹੀਂ ਸਕਦਾ।” ਉਨ੍ਹਾਂ ਨੇ ਪ੍ਰਧਾਨ ਮੰਤਰੀ ਅਤੇ ਮੰਤਰੀ ਹਰਦੀਪ ਸਿੰਘ ਪੁਰੀ ਵਿਰੁੱਧ ਜੋ ਵੀ ਝੂਠ ਬੋਲਿਆ ਹੈ, ਉਸ ਨੂੰ ਸਦਨ ਦੀ ਕਾਰਵਾਈ ਵਿੱਚੋਂ ਕੱਢ ਦੇਣਾ ਚਾਹੀਦਾ ਹੈ।