ਨਵੀਂ ਦਿੱਲੀ, 1 ਸਤੰਬਰ

ਦੇਸ਼ ਵਿੱਚ ਤੇਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਅਥਾਹ ਵਾਧੇ ਖ਼ਿਲਾਫ਼ ਰਾਹੁਲ ਗਾਂਧੀ ਵੱਲੋਂ ਮੋਦੀ ਸਰਕਾਰ ’ਤੇ ਕੀਤੇ ਗਏ ਤਿੱਖੇ ਸ਼ਬਦੀ ਹਮਲਿਆਂ ਦੇ ਜਵਾਬ ਵਿੱਚ ਭਾਜਪਾ ਨੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਰਾਹੁਲ ਗਾਂਧੀ ਝੂਠਾ ਪ੍ਰਚਾਰ ਕਰ ਰਹੇ ਹਨ। ਭਾਜਪਾ ਸਰਕਾਰ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਹੈ ਕਿ 1 ਜਨਵਰੀ 2014 ਨੂੰ ਰਸੋਈ ਗੈਸ ਸਿਲੰਡਰ ਦੀ ਕੀਮਤ 1,241 ਰੁਪਏ ਸੀ ਅਤੇ ਪਹਿਲੀ ਮਾਰਚ 2014 ਨੂੰ ਰਸੋਈ ਗੈਸ ਸਿਲੰਡਰ ਦੀ ਕੀਮਤ 1,080 ਰੁਪਏ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਸੱਤਾ ਵਿੱਚ ਸੀ ਜਦੋਂ ਕਿ ਮੌਜੂਦਾ ਸਮੇਂ ਭਾਜਪਾ ਦੀ ਸਰਕਾਰ ਵੇਲੇ ਰਸੋਈ ਗੈਸ ਸਿਲੰਡਰ ਦੀ ਕੀਮਤ 834 ਰੁਪਏ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਯੂਪੀਏ ਸਰਕਾਰ ਦੌਰਾਨ ਰਿਆਇਤਾਂ ਵਾਲੇ ਗੈਸ ਸਿਲੰਡਰ ਦੀ ਕੀਮਤ ਦੱਸੀ ਹੈ ਜਦੋਂ ਕਿ ਮੌਜੂਦਾ ਸਮੇਂ ਐੱਨਡੀਏ ਦੀ ਸਰਕਾਰ ਵੇਲੇ ਉਨ੍ਹਾਂ ਨੇ ਗੈਰ-ਰਿਆਇਤੀ ਗੈਸ ਸਿਲੰਡਰ ਦੀ ਕੀਮਤ ਦੱਸੀ ਹੈ। ਉਨ੍ਹਾਂ ਨੇ ਰਾਹੁਲ ਗਾਂਧੀ ਵੱਲੋਂ ਦੇਸ਼ ਦੀ ਅਰਥਵਿਵਸਥਾ ਬਾਰੇ ਦਿੱਤੇ ਗਏ ਬਿਆਨ ਨੂੰ ਵੀ ਗੁੰਮਰਾਹ ਕਰਨ ਵਾਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਵਿੱਤੀ ਵਰ੍ਹੇ ਦੇ ਪਹਿਲੇ ਕੁਆਰਟਰ ਵਿੱਚ ਦੇਸ਼ ਦਾ ਕੁੱਲ ਘਰੇਲੂ ਉਤਪਾਤ 20.1 ਫੀਸਦ ਵਧਿਆ ਹੈ ਜੋ ਕਿ ਇਕ ਇਤਿਹਾਸ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਨੂੰ ਸਹੀ ਠਹਿਰਾਉਂਦਾ ਹੈ।