ਚੰਡੀਗੜ 1 ਅਕਤੂਬਰ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਉੱਤਰ ਪ੍ਰਦੇਸ਼ ਵਿੱਚ ਯੋਗੀ ਸਰਕਾਰ ਨੇ ਜੰਗਲ ਰਾਜ ਸਥਾਪਤ ਕਰ ਦਿੱਤਾ ਹੈ ਅਤੇ ਸੱਚ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਉਨਾਂ ਨੇ ਕਿਹਾ ਕਿ 2 ਅਕਤੂਬਰ ਦਿਨ ਸੁੱਕਰਵਾਰ ਨੂੰ ਕਾਂਗਰਸ ਪਾਰਟੀ ਜਿਲਾ ਪੱਧਰ ਤੇ ਭਾਜਪਾ ਦੀਆਂ ਦਮਨਕਾਰੀ ਨੀਤੀਆਂ ਖਿਲਾਫ ਪ੍ਰਦਰਸ਼ਨ ਕਰੇਗੀ।
ਅੱਜ ਇਥੇ ਜਾਰੀ ਬਿਆਨ ਵਿੱਚ ਸ਼੍ਰੀ ਜਾਖੜ ਨੇ ਆਖਿਆ ਹੈ ਕਿ ਹਥਰਸ ਵਿੱਚ ਇੱਕ ਦਲਿਤ ਕੁੜੀ ਨਾਲ ਹੋਈ ਜਿਆਦਤੀ ਤੋਂ ਬਾਅਦ ਅੱਜ ਰਾਹੁਲ ਗਾਂਧੀ ਅਤੇ ਪਿ੍ਰੰਯਕਾ ਗਾਂਧੀ ਪਰਿਵਾਰ ਨੂੰ ਮਿਲਣ ਜਾ ਰਹੇ ਸਨ। ਪਰ ਉੱਤਰ ਪ੍ਰਦੇਸ਼ ਸਰਕਾਰ ਨੇ ਵਿਰੋਧ ਦੀ ਅਵਾਜ ਨੂੰ ਜਬਰੀ ਦਬਾਉਣ ਲਈ ਪੁਲਿਸ ਜਿਆਦਤੀ ਕਰਦਿਆ ਉਨਾ ਨਾਲ ਅਭੱਦਰ ਵਿਹਾਰ ਕੀਤਾ ਗਿਆ।
ਸੂਬਾ ਕਾਂਗਰਸ ਪ੍ਰਧਾਨ ਨੇ ਆਖਿਆ ਕਿ ਭਾਜਪਾ ਦੀ ਅਗਵਾਈ ਵਾਲੀ ਯੂਪੀ ਸਰਕਾਰ ਦਾ ਕਰੂਰ ਚਿਹਰਾ ਲੋਕਾਂ ਦੇ ਸਾਹਮਣੇ ਆ ਗਿਆ ਹੈ। ਉਨਾਂ ਨੇ ਕਿਹਾ ਕਿ ਪੀੜਤ ਪਰਿਵਾਰ ਨੂੰ ਮਿਲਣਾ ਕੋਈ ਗੁਨਾਹ ਥੋੜਾ ਹੈ। ਜੇਕਰ ਸ਼੍ਰੀ ਰਾਹੁਲ ਗਾਂਧੀ ਪਰਿਵਾਰ ਨੂੰ ਮਿਲਣ ਲਈ ਜਾਣਾ ਚਾਹੁੰਦੇ ਸਨ ਤਾਂ ਇਸ ਵਿੱਚ ਕੁਝ ਵੀ ਗਲਤ ਨਹੀ ਸੀ।
ਜਾਖੜ ਨੇ ਕਿਹਾ ਕਿ ਪੁਲਿਸ ਨੇ ਪਹਿਲਾ ਤਾਂ ਪੀੜਤਾ ਨੂੰ ਇਨਸਾਫ ਦਿਵਾਉਣ ਲਈ ਦੋਸ਼ੀਆਂ ਦੀ ਗਿ੍ਰਫਤਾਰੀ ਵਿੱਚ ਦੇਰੀ ਕੀਤੀ ਅਤੇ ਉਸ ਤੋਂ ਬਾਅਦ ਮਿ੍ਰਤਕਾ ਦਾ ਅੰਤਿਮ ਸੰਸਕਾਰ ਵੀ ਅੱਧੀ ਰਾਤ ਸਮੇਂ ਪੁਲਿਸ ਨੇ ਕਰ ਦਿੱਤਾ ਜਦ ਕਿ ਸਸਕਾਰ ਸਮੇਂ ਪਰਿਵਾਰ ਸਮੇਤ ਪੂਰੇ ਪਿੰਡ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸੀ।
ਜਾਖੜ ਨੇ ਦੁਹਰਾਇਆ ਕਿ ਕਾਂਗਰਸ ਭਾਜਪਾ ਸਰਕਾਰ ਦੀਆਂ ਦਮਨਕਾਰੀ ਅਤੇ ਦਲਿਤਾਂ ਤੇ ਅੱਤਿਆਚਾਰਾਂ ਖਿਲਾਫ ਸਖਤ ਅੰਦੋਲਣ ਜਾਰੀ ਰੱਖੇਗੀ।