ਲਖਨਊ, 19 ਅਗਸਤ
ਉੱਤਰ ਪ੍ਰਦੇਸ਼ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਅਜੈ ਰਾਏ ਨੇ ਅੱਜ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਅਮੇਠੀ ਲੋਕ ਸਭਾ ਹਲਕੇ ਤੋਂ ਚੋਣ ਲੜਨਗੇ। ਕਾਂਗਰਸ ਵੱਲੋਂ ਸੂਬਾ ਪ੍ਰਧਾਨ ਬਣਾਏ ਜਾਣ ਮਗਰੋਂ ਅਜੈ ਰਾਏ ਨੇ ਵਾਰਾਨਸੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਰਾਹੁਲ ਗਾਂਧੀ ਲਾਜ਼ਮੀ ਤੌਰ ’ਤੇ ਅਮੇਠੀ ਤੋਂ ਲੋਕ ਸਭਾ ਚੋਣ ਲੜਨਗੇ। ਅਮੇਠੀ ਦੇ ਲੋਕ ਇੱਥੇ ਹਾਜ਼ਰ ਹਨ।’ ਅਮੇਠੀ ਲੰਮੇ ਸਮੇਂ ਤੱਕ ਗਾਂਧੀ ਪਰਿਵਾਰ ਦਾ ਗੜ੍ਹ ਰਿਹਾ ਹੈ ਅਤੇ 2019 ’ਚ ਇੱਥੇ ਭਾਜਪਾ ਆਗੂ ਸਮ੍ਰਿਤੀ ਇਰਾਨੀ ਨੇ ਚੋਣ ਜਿੱਤੀ ਸੀ। ਇੱਥੇ ਹਵਾਈ ਅੱਡੇ ’ਤੇ ਪਾਰਟੀ ਵਰਕਰਾਂ ਤੇ ਆਗੂਆਂ ਵਿਚ ਘਿਰੇ ਅਜੈ ਰਾਏ ਨੇ ਕਿਹਾ ਕਿ ਜੇਕਰ ਪਾਰਟੀ ਦੀ ਕੌਮੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਚਾਹੁਣ ਤਾਂ ਉਹ ਵਾਰਾਨਸੀ ਜਾਂ ਕਿਸੇ ਵੀ ਹੋਰ ਥਾਂ ਚੋਣ ਲੜ ਸਕਦੇ ਹਨ। ਉਨ੍ਹਾਂ ਕਿਹਾ, ‘ਜੇਕਰ ਪ੍ਰਿਯੰਕਾ ਗਾਂਧੀ ਚਾਹੁਣ ਤਾਂ ਉਹ ਵਾਰਾਨਸੀ ਤੋਂ ਚੋਣ ਲੜ ਸਕਦੇ ਹਨ। ਪਾਰਟੀ ਦਾ ਹਰ ਵਰਕਰ ਉਨ੍ਹਾਂ ਲਈ ਪੂਰੀ ਤਨਦੇਹੀ ਨਾਲ ਕੰਮ ਕਰੇਗਾ।’
ਜ਼ਿਕਰਯੋਗ ਹੈ ਕਿ 2014 ਤੇ 2019 ਦੀਆਂ ਆਮ ਚੋਣਾਂ ’ਚ ਅਜੈ ਰਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਚੋਣ ਲੜ ਚੁੱਕੇ ਹਨ। ਇਹ ਪੁੱਛੇ ਜਾਣ ’ਤੇ ਕਿ ਕੀ ਉਨ੍ਹਾਂ ਦੀ ਨਿਯੁਕਤੀ ਨਰਿੰਦਰ ਮੋਦੀ ਖ਼ਿਲਾਫ਼ ਦੋ ਵਾਰ ਚੋਣ ਲੜਨ ਦਾ ਇਨਾਮ ਹੈ ਤਾਂ ਉਨ੍ਹਾਂ ਕਿਹਾ, ‘ਇਹ ਮੇਰੇ ਲਗਾਤਾਰ ਸੰਘਰਸ਼ ਦਾ ਨਤੀਜਾ ਹੈ। ਜੇਲ੍ਹ ਕਿਸ ਨੇ ਕੱਟੀ। ਕੌਣ ਹਰ ਗਲਤੀ ਸਾਹਮਣੇ ਲਿਆ ਰਿਹਾ ਹੈ। ਅਜੈ ਰਾਏ ਰਾਹੁਲ ਗਾਂਧੀ ਦਾ ਸਿਪਾਹੀ ਹੈ। ਪੂਰੇ ਸੂਬੇ ’ਚ ਭਾਜਪਾ ਖ਼ਿਲਾਫ਼ ਸੰਘਰਸ਼ ਲੜਿਆ ਜਾਵੇਗਾ।’ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਬਾਰੇ ਉਨ੍ਹਾਂ ਕਿਹਾ, ‘ਉਹ ਬੁਖਲਾਈ ਹੋਈ ਹੈ। ਉਨ੍ਹਾਂ ਕਿਹਾ ਸੀ ਕਿ ਉਹ ਚੀਨੀ 13 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦਿਵਾਉਣਗੇ। ਕੀ ਉਨ੍ਹਾਂ ਇਹ ਕੀਤਾ? ਅਮੇਠੀ ਦੇ ਲੋਕ ਇੱਥੇ ਹੀ ਹਨ। ਇਨ੍ਹਾਂ ਨੂੰ ਪੁੱਛੋ।’ ਉਨ੍ਹਾਂ ਕਿਹਾ ਕਿ ਸੂਬੇ ਦਾ ਸਭ ਤੋਂ ਵੱਡਾ ਮੁੱਦਾ ਬੇਰੁਜ਼ਗਾਰੀ, ਮਹਿੰਗਾਈ ਦੇ ਮਸਲੇ ’ਤੇ ਲੋਕਾਂ ਨੂੰ ਆਪਣੇ ਨਾਲ ਲੈ ਕੇ ਚੱਲਣ ਦਾ ਹੈ।